ਡਾਕਟਰ ਭੀਮਰਾਓ ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਹੋਇਆ ਸੀ। ਉਹ ਆਜ਼ਾਦ ਭਾਰਤ ਦਾ ਪਹਿਲਾ ਕਾਨੂੰਨ ਅਤੇ ਨਿਆਂ ਮੰਤਰੀ, ਭਾਰਤੀ ਸੰਵਿਧਾਨ ਦਾ ਨਿਰਮਾਤਾ ਅਤੇ ਭਾਰਤ ਗਣਤੰਤਰ ਦਾ ਮੋਢੀ ਪਿਤਾ ਸੀ। ਭਾਰਤ ਅਤੇ ਹੋਰ ਥਾਵਾਂ ਤੇ ਉਨ੍ਹਾਂ ਨੂੰ ਅਕਸਰ ਬਾਬਾ ਸਾਹਿਬ, ਮਰਾਠੀ ਅਤੇ ਹਿੰਦੀ ‘ਚ ਯਾਨੀ “ਆਦਰਯੋਗ ਪਿਤਾ” ਕਹਿੰਦੇ ਸਨ। ਬਾਬਾ ਸਾਹਿਬ ਅੰਬੇਡਕਰ ਨੇ ਕੋਲੰਬੀਆ ਯੂਨੀਵਰਸਿਟੀ ਅਤੇ ਲੰਡਨ ਸਕੂਲ ਆਫ਼ ਇਕਨਾਮਿਕਸ ਵਿੱਚੋਂ ਅਰਥ ਸ਼ਾਸਤਰ ‘ਚ ਡਾਕਟਰੇਟ ਪ੍ਰਾਪਤ ਕੀਤੀ ਅਤੇ ਕਾਨੂੰਨ, ਅਰਥ ਸ਼ਾਸਤਰ ਅਤੇ ਰਾਜਨੀਤਕ ਵਿਗਿਆਨ ਵਿੱਚ ਖੋਜ ਲਈ ਇੱਕ ਵਿਦਵਾਨ ਦੇ ਰੂਪ ਵਿੱਚ ਪ੍ਰਸਿੱਧੀ ਹਾਸਲ ਕੀਤੀ ਸੀ।
ਆਪਣੇ ਸ਼ੁਰੂਆਤੀ ਕਰੀਅਰ ਵਿੱਚ ਉਹ ਇੱਕ ਅਰਥਸ਼ਾਸਤਰੀ, ਪ੍ਰੋਫੈਸਰ ਅਤੇ ਵਕੀਲ ਸਨ। 1990 ਵਿੱਚ ਬਾਬਾ ਸਾਹਿਬ ਅੰਬੇਡਕਰ ਨੂੰ ਮਰਨ ਉਪਰੰਤ ਭਾਰਤ ਦਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਭਾਰਤ ਰਤਨ ਦਿੱਤਾ ਗਿਆ। ਅੰਬੇਡਕਰ ਦੀ ਵਿਰਾਸਤ ਵਿੱਚ ਪ੍ਰਸਿੱਧ ਸਭਿਆਚਾਰ ਵਿੱਚ ਕਈ ਯਾਦਗਾਰਾਂ ਅਤੇ ਸਮਾਰਕ ਸ਼ਾਮਲ ਹਨ।