ਰਾਗੁ ਸੂਹੀ ਛੰਤ ਮਹਲਾ ੧ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਭਰਿ ਜੋਬਨਿ ਮੈ ਮਤ ਪੇਈਅੜੈ ਘਰਿ ਪਾਹੁਣੀ ਬਲਿ ਰਾਮ ਜੀਉ ॥ ਮੈਲੀ ਅਵਗਣਿ ਚਿਤਿ ਬਿਨੁ ਗੁਰ ਗੁਣ ਨ ਸਮਾਵਨੀ ਬਲਿ ਰਾਮ ਜੀਉ ॥ ਗੁਣ ਸਾਰ ਨ ਜਾਣੀ ਭਰਮਿ ਭੁਲਾਣੀ ਜੋਬਨੁ ਬਾਦਿ ਗਵਾਇਆ ॥ ਵਰੁ ਘਰੁ ਦਰੁ ਦਰਸਨੁ ਨਹੀ ਜਾਤਾ ਪਿਰ ਕਾ ਸਹਜੁ ਨ ਭਾਇਆ ॥ ਸਤਿਗੁਰ ਪੂਛਿ ਨ ਮਾਰਗਿ ਚਾਲੀ ਸੂਤੀ ਰੈਣਿ ਵਿਹਾਣੀ ॥ ਨਾਨਕ ਬਾਲਤਣਿ ਰਾਡੇਪਾ ਬਿਨੁ ਪਿਰ ਧਨ ਕੁਮਲਾਣੀ ॥੧॥
ਰਾਗ ਸੂਹੀ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ ‘ਛੰਤ’ (ਛੰਦ)। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਪ੍ਰਭੂ ਜੀ! ਮੈਂ ਤੈਥੋਂ ਸਦਕੇ ਹਾਂ (ਤੂੰ ਕੈਸੀ ਅਚਰਜ ਲੀਲਾ ਰਚਾਈ ਹੈ!) ਜੀਵ-ਇਸਤ੍ਰੀ (ਤੇਰੀ ਰਚੀ ਮਾਇਆ ਦੇ ਪ੍ਰਭਾਵ ਹੇਠ) ਜਵਾਨੀ ਦੇ ਸਮੇ ਇਉਂ ਮਸਤ ਹੈ ਜਿਵੇਂ ਸ਼ਰਾਬ ਪੀ ਕੇ ਮਦ ਹੋਸ਼ ਹੈ, (ਇਹ ਭੀ ਨਹੀਂ ਸਮਝਦੀ ਕਿ) ਇਸ ਪੇਕੇ-ਘਰ ਵਿਚ (ਇਸ ਜਗਤ ਵਿਚ) ਉਹ ਇਕ ਪ੍ਰਾਹੁਣੀ ਹੀ ਹੈ। ਵਿਕਾਰਾਂ ਦੀ ਕਮਾਈ ਨਾਲ ਚਿੱਤ ਵਿਚ ਉਹ ਮੈਲੀ ਰਹਿੰਦੀ ਹੈ ਜੋ (ਗੁਰੂ ਦੀ ਸਰਨ ਨਹੀਂ ਆਉਂਦੀ, ਤੇ) ਗੁਰੂ (ਦੀ ਸਰਨ ਪੈਣ) ਤੋਂ ਬਿਨਾ (ਹਿਰਦੇ ਵਿਚ) ਗੁਣ ਟਿਕ ਨਹੀਂ ਸਕਦੇ। (ਮਾਇਆ ਦੀ) ਭਟਕਣਾ ਵਿਚ ਪੈ ਕੇ ਜੀਵ-ਇਸਤ੍ਰੀ ਨੇ (ਪ੍ਰਭੂ ਦੇ) ਗੁਣਾਂ ਦੀ ਕੀਮਤ ਨਾਹ ਸਮਝੀ, ਕੁਰਾਹੇ ਪਈ ਰਹੀ, ਤੇ ਜਵਾਨੀ ਦਾ ਸਮਾ ਵਿਅਰਥ ਗਵਾ ਲਿਆ। ਨਾਹ ਉਸ ਨੇ ਖਸਮ-ਪ੍ਰਭੂ ਨਾਲ ਸਾਂਝ ਪਾਈ, ਨਾਹ ਉਸ ਦੇ ਦਰ ਨਾਹ ਉਸ ਦੇ ਘਰ ਤੇ ਨਾਹ ਹੀ ਉਸ ਦੇ ਦਰਸਨ ਦੀ ਕਦਰ ਪਛਾਣੀ। (ਭਟਕਣਾ ਵਿਚ ਹੀ ਰਹਿ ਕੇ) ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਦਾ ਸੁਭਾਉ ਭੀ ਪਸੰਦ ਨਾਹ ਆਇਆ। ਮਾਇਆ ਦੇ ਮੋਹ ਵਿਚ ਸੁੱਤੀ ਹੋਈ ਜੀਵ-ਇਸਤ੍ਰੀ ਦੀ ਜ਼ਿੰਦਗੀ ਦੀ ਸਾਰੀ ਰਾਤ ਬੀਤ ਗਈ, ਸਤਿਗੁਰੂ ਦੀ ਸਿੱਖਿਆ ਲੈ ਕੇ ਜੀਵਨ ਦੇ ਠੀਕ ਰਸਤੇ ਉਤੇ ਕਦੇ ਭੀ ਨਾਹ ਤੁਰੀ। ਹੇ ਨਾਨਕ! ਅਜੇਹੀ ਜੀਵ-ਇਸਤ੍ਰੀ ਨੇ ਤਾਂ ਬਾਲ-ਉਮਰੇ ਹੀ ਰੰਡੇਪਾ ਸਹੇੜ ਲਿਆ, ਤੇ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਉਸ ਦਾ ਹਿਰਦਾ-ਕਮਲ ਕੁਮਲਾਇਆ ਹੀ ਰਿਹਾ ॥੧॥