ਕਪੂਰਥਲਾ ਦੇ ਸਿਵਲ ਹਸਪਤਾਲ ਦੇ ਇੱਕ ਕੁਆਰਟਰ ਵਿੱਚ ਦੇਰ ਰਾਤ ਸ਼ੱਕੀ ਹਾਲਾਤਾਂ ਵਿੱਚ ਲੱਗੀ ਅੱਗ ਵਿੱਚ ਇੱਕ ਵਿਅਕਤੀ ਅਤੇ ਇੱਕ ਪਾਲਤੂ ਕੁੱਤਾ ਜ਼ਿੰਦਾ ਸੜ ਗਿਆ। ਇਸ ਘਟਨਾ ਵਿੱਚ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਅਤੇ ਤਿੰਨ ਔਰਤਾਂ ਵੀ ਜ਼ਖ਼ਮੀ ਹੋ ਗਈਆਂ।
ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ, ਜਿਸ ‘ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਕਾਬੂ ਪਾਇਆ। ਥਾਣਾ ਸਿਟੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮੌਕੇ ‘ਤੇ ਮੌਜੂਦ ਗੁਆਂਢੀ ਜੀਤ ਬਹਾਦਰ ਤੇ ਹੋਰਾਂ ਨੇ ਦੱਸਿਆ ਕਿ ਹਸਪਤਾਲ ‘ਚ ਲੈਵਲ ਫੋਰ ਦੀ ਪੋਸਟ ‘ਤੇ ਕੰਮ ਕਰਦੀ ਰੋਸ਼ਨੀ ਆਪਣੀਆਂ ਦੋ ਧੀਆਂ ਪੂਨਮ, ਪੂਜਾ ਅਤੇ ਜਵਾਈ ਬੀਰਾ ਨਾਲ ਇਸ ਕੁਆਰਟਰ ‘ਚ ਰਹਿੰਦੀ ਸੀ। ਰਾਤ ਕਰੀਬ 2.30 ਵਜੇ ਬੀਰਾ ਪੁੱਤਰ ਕਸ਼ਮੀਰ ਦੇ ਘਰ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਇਸ ਦਾ ਪਤਾ ਲੱਗਣ ‘ਤੇ ਸਥਾਨਕ ਲੋਕਾਂ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਕਾਫੀ ਮੁਸ਼ੱਕਤ ਨਾਲ ਅੱਗ ‘ਤੇ ਕਾਬੂ ਪਾਇਆ।
ਇਸ ਅੱਗ ਵਿੱਚ ਬੀਰਾ ਅਤੇ ਇੱਕ ਕੁੱਤੇ ਦੀ ਮੌਤ ਹੋ ਗਈ। ਜਦਕਿ ਰੋਸ਼ਨੀ, ਪੂਜਾ ਅਤੇ ਪੂਨਮ ਵੀ ਅੱਗ ਕਾਰਨ ਝੁਲਸ ਗਈਆਂ। ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਮੁਰਦਾਘਰ ‘ਚ ਰਖਵਾਇਆ ਗਿਆ ਹੈ ਅਤੇ ਜ਼ਖਮੀਆਂ ‘ਚੋਂ ਦੋ ਦਾ ਸਿਵਲ ਹਸਪਤਾਲ ਕਪੂਰਥਲਾ ਅਤੇ ਇਕ ਦਾ ਜਲੰਧਰ ਵਿਖੇ ਇਲਾਜ ਚੱਲ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਸਿਫਤ ਕੌਰ ਨੇ ਏਸ਼ੀਅਨ ਚੈਂਪੀਅਨਸ਼ਿਪ ‘ਚ ਜਿੱਤਿਆ ਚਾਂਦੀ ਤਮਗਾ, ਮੰਤਰੀ ਮੀਤ ਹੇਅਰ ਨੇ ਦਿੱਤੀ ਵਧਾਈ
ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਸੰਦੀਪ ਧਵਨ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 2.30 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਸ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਉਹ ਖੁਦ ਮੌਕੇ ‘ਤੇ ਪਹੁੰਚੇ। ਫਾਇਰ ਬ੍ਰਿਗੇਡ ਦੀ ਟੀਮ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਪਰ ਇਸ ਘਟਨਾ ਵਿੱਚ ਮਹਿਲਾ ਕਰਮਚਾਰੀ ਦੇ ਘਰ ਦਾ ਸਾਰਾ ਸਮਾਨ ਸੜ ਗਿਆ ਅਤੇ ਮਹਿਲਾ ਕਰਮਚਾਰੀ ਦੇ ਜਵਾਈ ਅਤੇ ਇੱਕ ਕੁੱਤੇ ਦੀ ਮੌਤ ਹੋ ਗਈ।