ਭਾਰਤੀ ਫੌਜ ਦੀ ਮਹਿਲਾ ਅਧਿਕਾਰੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਅੰਮ੍ਰਿਤਸਰ ਹਾਈਵੇ ‘ਤੇ ਧਾਰੀਵਾਲ ਕੋਲ ਚੌਧਰਪੁਰਾ ਬਾਈਪਾਸ ‘ਤੇ ਮਹਿਲਾ ਅਧਿਕਾਰੀ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਹਾਦਸੇ ਵਿਚ ਉਸਦਾ 7 ਸਾਲ ਦਾ ਪੁੱਤਰ ਤੇ ਗੱਡੀ ਦਾ ਡਰਾਈਵਰ ਵੀ ਜ਼ਖਮੀ ਹੋ ਗਏ ਹਨ।
ਮਿਲੀ ਜਾਣਕਾਰੀ ਮੁਤਾਬਕ ਫੌਜ ਦੀ ਏਐੱਸਸੀ ਬਟਾਲੀਅਨ ਦੀ ਸਪਲਾਈ ਕੋਰ ਵਿਚ ਮੇਜਰ ਅਹੁਦੇ ‘ਤੇ ਪਠਾਨਕੋਟ ਵਿਚ ਤਾਇਨਾਤ ਚਿਤਰਾ ਪਾਂਡੇ ਲਖਨਊ ਦੀ ਰਹਿਣ ਵਾਲੀ ਸੀ, ਜੋ ਆਪਣੇ ਪੁੱਤਰ ਨਾਲ ਛੁੱਟੀ ਲੈ ਕੇ ਪਠਾਨਕੋਟ ਤੋਂ ਅੰਮ੍ਰਿਤਸਰ ਹਵਾਈ ਅੱਡੇ ਨੂੰ ਜਾ ਰਹੀ ਸੀ। ਜਦੋਂ ਉਹ ਧਾਰੀਵਾਲ ਕੋਲ ਚੌਧਰਪੁਰਾ ਬਾਈਪਾਸ ‘ਤੇ ਪਹੁੰਚੀ ਤਾਂ ਕਾਰ ਅਚਾਨਕ ਅੱਗੇ ਚੱਲ ਰਹੇ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉਡ ਗਏ ਤੇ ਕਾਰ ਵਿਚ ਬੈਠੀ ਮਹਿਲਾ ਅਧਿਕਾਰੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਹਿਮਾਚਲ: ਚੰਡੀਗੜ੍ਹ-ਦੇਹਰਾਦੂਨ ਨੈਸ਼ਨਲ ਹਾਈਵੇ ‘ਤੇ ਲੱਗੇ ਕੈਮਰੇ, ਟ੍ਰੈਫਿਕ ਨਿਯਮ ਤੋੜਨ ‘ਤੇ ਹੋਵੇਗਾ ਆਨਲਾਈਨ ਚਲਾਨ
ਹਾਦਸੇ ਵਿਚ ਮਹਿਲਾ ਅਧਿਕਾਰੀ ਦਾ 7 ਸਾਲਾ ਦਾ ਬੇਟਾ ਅਰਚਿਤ ਤੇ ਕਾਰ ਚਾਲਕ ਪੰਕਜ ਵਾਸੀ ਪਠਾਨਕੋਟ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ। ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਲਿਜਾਇਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰਕੇ ਅੱਗੇ ਦੀ ਕਾਰਵਾਈ ਕਰ ਰਹੀ ਹੈ। ਮ੍ਰਿਤਕ ਮਹਿਲਾ ਫੌਜ ਦੀ ਅਧਿਕਾਰੀ ਦੀ ਮ੍ਰਿਤਕ ਦੇਹ ਨੂੰ ਪੁਲਿਸ ਨੇ ਕਬਜ਼ੇ ਵਿਚ ਲੈ ਲਿਆ ਹੈ ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: