ਫ਼ਿਰੋਜ਼ਪੁਰ ਵਿਜੀਲੈਂਸ ਟੀਮ ਨੇ ਥਾਣਾ ਧਰਮਕੋਟ ਵਿਖੇ ਤਾਇਨਾਤ ਇੰਸਪੈਕਟਰ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਹੋਇਆ ਇੰਝ ਕਿ ਸ਼ਿਕਾਇਤਕਰਤਾ ਦਾ ਟਰਾਲਾ ਚੋਰੀ ਹੋ ਗਿਆ ਸੀ। ਚੋਰਾਂ ਦਾ ਸੁਰਾਗ ਮਿਲ ਗਿਆ। ਪਰ ਚੋਰਾਂ ਤੋਂ ਟਰਾਲਾ ਬਰਾਮਦ ਕਰਨ ਦੇ ਬਦਲੇ ਇੰਸਪੈਕਟਰ ਨੇ 1 ਲੱਖ ਰੁਪਏ ਦੀ ਰਿਸ਼ਵਤ ਮੰਗੀ। ਮਾਮਲਾ 80 ਹਜ਼ਾਰ ਰੁਪਏ ਵਿੱਚ ਤੈਅ ਹੋ ਗਿਆ। ਉਕਤ ਇੰਸਪੈਕਟਰ ਖਿਲਾਫ ਵਿਜੀਲੈਂਸ ਥਾਣਾ ਫ਼ਿਰੋਜ਼ਪੁਰ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਵਿਜੀਲੈਂਸ ਫ਼ਿਰੋਜ਼ਪੁਰ ਦੇ ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਵਾਸੀ ਨੂਰਪੁਰ ਹਕੀਮਾ ਜ਼ਿਲ੍ਹਾ ਮੋਗਾ ਨੇ ਸ਼ਿਕਾਇਤ ਕੀਤੀ ਸੀ ਕਿ ਥਾਣਾ ਧਰਮਕੋਟ ਵਿਖੇ ਤਾਇਨਾਤ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਚੋਰਾਂ ਤੋਂ ਟਰਾਲਾ ਬਰਾਮਦ ਕਰਨ ਬਦਲੇ 1 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ। 80 ਹਜ਼ਾਰ ਰੁਪਏ ਵਿੱਚ ਸੌਦਾ ਤੈਅ ਹੋਇਆ ਹੈ।
ਇਹ ਵੀ ਪੜ੍ਹੋ : ਹਾਕੀ ‘ਚ ਟੀਮ ਇੰਡੀਆ ਨੇ ਫਿਰ ਰਚਿਆ ਇਤਿਹਾਸ, ਫਾਈਨਲ ‘ਚ ਜਾਪਾਨ ਨੂੰ ਹਰਾ ਕੇ ਜਿੱਤਿਆ ਗੋਲਡ
ਇੰਸਪੈਕਟਰ ਨੂੰ 50 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਅਤੇ 20 ਹਜ਼ਾਰ ਰੁਪਏ ਦੀ ਦੂਜੀ ਕਿਸ਼ਤ ਦਿੱਤੀ ਗਈ। ਹੁਣ ਉਹ 10,000 ਰੁਪਏ ਦੀ ਤੀਜੀ ਕਿਸ਼ਤ ਦੀ ਮੰਗ ਕਰ ਰਿਹਾ ਹੈ। ਵਿਜੀਲੈਂਸ ਦੇ ਡੀਐਸਪੀ ਰਾਜਕੁਮਾਰ ਦੀ ਅਗਵਾਈ ਹੇਠ ਟੀਮ ਨੇ ਥਾਣਾ ਧਰਮਕੋਟ ਵਿੱਚ ਹੀ ਇੰਸਪੈਕਟਰ ਗੁਰਵਿੰਦਰ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।
ਮੌਕੇ ’ਤੇ ਸਰਕਾਰੀ ਗਵਾਹ ਐਸ.ਡੀ.ਓ ਸੁਧੀਰ ਕੁਮਾਰ ਅਤੇ ਐਸ.ਡੀ.ਓ ਗੁਰਪ੍ਰੀਤ ਸਿੰਘ ਹਾਜ਼ਰ ਸਨ। ਵਿਜੀਲੈਂਸ ਥਾਣਾ ਫ਼ਿਰੋਜ਼ਪੁਰ ਨੇ ਇੰਸਪੈਕਟਰ ਗੁਰਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: