16 year old sikh youth enlisted: ਮੌਜੂਦਾ ਸਮੇਂ ਵਿੱਚ ਪੰਜਾਬੀ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦੇ ਚਾਹਵਾਨ ਹਨ। ਇਸਦੇ ਨਾਲ ਹੀ ਪੰਜਾਬੀ ਵਿਦੇਸ਼ਾਂ ਵਿੱਚ ਉੱਚ ਅਹੁਦੇ ਹਾਸਿਲ ਕਰ ਕੇ ਝੰਡੇ ਗੱਡ ਰਹੇ ਹਨ। ਅਜਿਹਾ ਇੱਕ ਮਾਮਲਾ ਆਸਟ੍ਰੇਲੀਆ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ 16 ਸਾਲਾਂ ਸਿੱਖ ਨੌਜਵਾਨ ਨੇ ਬਹੁਤ ਵੱਡੀ ਉਪਲਬਧੀ ਹਾਸਿਲ ਕੀਤੀ ਹੈ। ਦਰਅਸਲ, ਸਿਮਰਨ ਸਿੰਘ ਸੰਧੂ ਨਾਮ ਦੇ ਇੱਕ ਸਿੱਖ ਨੌਜਵਾਨ ਨੂੰ ਇਸ ਸਾਲ ਦੀ ਸ਼ੁਰੂਆਤ ਵਿੱਚ ਰਾਇਲ ਐਰੇ ਕਲੱਬ ਪਰਥ ਤੋਂ ਸਿਖਲਾਈ ਹਾਸਿਲ ਕਰਨ ਤੋਂ ਬਾਅਦ ਆਸਟ੍ਰੇਲੀਆ ਦੀ ਹਵਾਈ ਫੌਜ (RAF) ਵਿੱਚ ਮਿਸ਼ਨ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ, ਜੋ ਕਿ ਪੰਜਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ ।
ਦੱਸ ਦੇਈਏ ਕਿ ਸਿਮਰਨ ਨੂੰ ਐਡੀਲੇਡ ਦੇ ਫ਼ੌਜੀ ਹੈੱਡਕੁਆਰਟਰ ਵਿਖੇ ਆਸਟ੍ਰੇਲੀਆਈ ਹਵਾਈ ਫੌਜ ਦੇ ਉੱਚ ਅਧਿਕਾਰੀਆਂ ਵੱਲੋਂ ਨਿਯੁਕਤੀ ਪੱਤਰ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਸਿਮਰਨ ਪੰਜਾਬ ਦੇ ਫ਼ਿਰੋਜ਼ਪੁਰ ਨਾਲ ਸਬੰਧਿਤ ਹੈ। ਉਹ ਆਪਣੇ ਮਾਤਾ-ਪਿਤਾ ਨਾਲ ਸਾਲ 2008 ਵਿੱਚ ਫ਼ਿਰੋਜ਼ਪੁਰ ਤੋਂ ਪਰਥ ਆਏ ਸਨ ।
ਗੌਰਤਲਬ ਹੈ ਕਿ ਸਿਮਰਨ ਨੂੰ ਐਤਵਾਰ ਨੂੰ ਪਰਥ ਦੇ ਗੁਰਦੁਆਰਾ ਸਾਹਿਬ ਵਿਖੇ ਸਨਮਾਨਿਤ ਕੀਤਾ ਗਿਆ। ਸਿਮਰਨ ਦੀ ਇਸ ਉਪਲਬਧੀ ਸਬੰਧੀ ਗੁਰਦੁਆਰਾ ਪਰਥ ਦੇ ਪ੍ਰਧਾਨ ਜਰਨੈਲ ਸਿੰਘ ਭੌਰ ਨੇ ਕਿਹਾ ਕਿ ਸਿਮਰਨ ਦੀ ਇਹ ਪ੍ਰਾਪਤੀ ਆਸਟ੍ਰੇਲੀਆ ਲਈ ਇੱਕ ਸਨਮਾਨ ਹੈ। ਉਨ੍ਹਾਂ ਕਿਹਾ ਸਿਮਰਨ ਦੀ ਇਸ ਉਪਲਬਧੀ ਨਾਲ ਸਿੱਖ ਜਗਤ ਵਿੱਚ ਖ਼ੁਸ਼ੀ ਦੀ ਲਹਿਰ ਹੈ।