26-11 attack pakistan: ਨਵੀਂ ਦਿੱਲੀ: ਪੂਰੀ ਦੁਨੀਆ ਦੇ ਸਾਹਮਣੇ ਪਾਕਿਸਤਾਨ ਅੱਤਵਾਦ ਦੇ ਮੁੱਦੇ ‘ਤੇ ਬੇਨਾਕਬ ਹੋ ਗਿਆ ਹੈ। 26/11 ਹਮਲੇ ਦੇ 12 ਸਾਲ ਬਾਅਦ ਹੁਣ ਪਾਕਿਸਤਾਨ ਨੇ ਦੁਨੀਆ ਦੇ ਸਾਹਮਣੇ ਆਪਣਾ ਸਭ ਤੋਂ ਵੱਡਾ ਜੁਰਮ ਕਬੂਲਿਆ ਹੈ। ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ, ਭਾਵ ਐਫਆਈਏ, ਨੇ ਮੰਨਿਆ ਹੈ ਕਿ ਮੁੰਬਈ ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਪਾਕਿਸਤਾਨ ‘ਚ ਪਲ ਰਹੇ ਹਨ, ਇਸ ਹਮਲੇ ਵਿੱਚ ਅੱਤਵਾਦੀਆਂ ਦੁਆਰਾ 150 ਤੋਂ ਵੱਧ ਨਿਰਦੋਸ਼ਾਂ ਨੂੰ ਮਾਰਿਆ ਗਿਆ ਸੀ। ਐਫਆਈਏ ਨੇ ਬੁੱਧਵਾਰ ਨੂੰ 880 ਪੰਨਿਆਂ ਦੇ ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਦੇਸ਼ ਵਿੱਚ 1210 ਹਾਈ ਪ੍ਰੋਫਾਈਲ ਅਤੇ ਮੋਸਟ ਵਾਂਟੇਡ ਅੱਤਵਾਦੀ ਹਨ। ਇਸ ਵਿੱਚ ਭਾਰਤ ਦੇ ਨਿਰਦੋਸ਼ ਲੋਕ ਨੂੰ ਮਾਰਨ ਵਾਲੇ 11 ਅਪਰਾਧੀ ਵੀ ਹਨ ਜਿਨ੍ਹਾਂ ਨੇ ਮੁੰਬਈ ਹਮਲਿਆਂ ਦੀ ਸਕ੍ਰਿਪਟ ਲਿਖੀ ਸੀ।
ਦੱਸ ਦੇਈਏ ਕਿ ਮੁੰਬਈ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਉਨ੍ਹਾਂ ਦੇ ਦੇਸ਼ ਵਿੱਚ ਕੁੱਝ ਅੱਤਵਾਦੀਆਂ ਖਿਲਾਫ ਦਿਖਾਵੇ ਲਈ ਕਾਰਵਾਈ ਕੀਤੀ ਸੀ, ਪਰ ਅਧਿਕਾਰਤ ਤੌਰ ‘ਤੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਅੱਤਵਾਦੀ ਉਨ੍ਹਾਂ ਦੁਆਰਾ ਭੇਜੇ ਗਏ ਸੀ। ਪਾਕਿਸਤਾਨ ਦੇ ਮੌਜੂਦਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਮੁੰਬਈ ਹਮਲੇ ਸਮੇਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵੀ ਸਨ, ਪਰ ਉਦੋਂ ਉਹ ਅਤੇ ਉਨ੍ਹਾਂ ਦੀ ਸਰਕਾਰ ਅੱਤਵਾਦੀਆਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਗੱਲਬਾਤ ਦੀ ਵਕਾਲਤ ਕਰਦੀ ਸੀ। ਦੱਸ ਦਈਏ ਕਿ ਇਸ ਸਮੇਂ ਪਾਕਿਸਤਾਨ ਐਫਏਟੀਐਫ ਦੀ ਗ੍ਰੇ-ਸੂਚੀ ਵਿੱਚ ਹੈ ਅਤੇ ਇਸ ਵਾਰ ਬਲੈਕ ਸੂਚੀ ਵਿੱਚ ਆਉਣ ਤੋਂ ਬਚਣਾ ਬਹੁਤ ਮੁਸ਼ਕਿਲ ਹੈ। ਅੱਤਵਾਦੀਆਂ ‘ਤੇ ਫੰਡਿੰਗ ਰੋਕਣ ਅਤੇ ਉਨ੍ਹਾਂ ‘ਤੇ ਸਖਤ ਕਾਰਵਾਈ ਕਰਨ ਦਾ ਦਬਾਅ ਪਾਕਿਸਤਾਨ ‘ਤੇ ਬਹੁਤ ਜ਼ਿਆਦਾ ਹੈ ਅਤੇ ਇਹੀ ਕਾਰਨ ਹੈ ਕਿ ਅੱਤਵਾਦੀਆਂ ਦੇ ਨਾਵਾਂ ਦਾ ਖੁਲਾਸਾ ਕਰਨਾ ਇਮਰਾਨ ਸਰਕਾਰ ਦੀ ਮਜਬੂਰੀ ਬਣ ਗਈ ਹੈ।