ਕੈਨੇਡਾ ਦੇ ਉੱਤਰੀ ਓਂਟਾਰਿਓ ਵਿੱਚ ਕੁੱਝ ਤਕਨੀਕੀ ਕਾਰਨਾਂ ਕਰਕੇ ਇੱਕ ਖਦਾਨ ਵਿੱਚ ਅੰਦਰ ਜਾਣ ਦਾ ਰਸਤਾ ਬੰਦ ਹੋ ਗਿਆ ਹੈ, ਜਿਸ ਕਾਰਨ 24 ਘੰਟਿਆਂ ਤੋਂ ਵੱਧ ਸਮੇਂ ਤੱਕ ਇਸ ਵਿੱਚ ਫਸੇ 39 ਕਾਮਿਆਂ ਨੂੰ ਕੱਢਣ ਦਾ ਕੰਮ ਜਾਰੀ ਹੈ।
ਮਾਈਨਿੰਗ ਕੰਪਨੀ ਵੈਲ ਨੇ ਕਿਹਾ ਕਿ ਬਚਾਅ ਟੀਮਾਂ ਓਂਟਾਰਿਓ ਦੇ ਸਡਬਰੀ ਤੋਂ 900 ਮੀਟਰ ਅਤੇ 1200 ਮੀਟਰ ਪੱਛਮ ਦੇ ਵਿਚਕਾਰ ਸਥਿਤ ਟੋਟੇਨ ਖਦਾਨ ਦੇ ਕਰਮਚਾਰੀਆਂ ਤੱਕ ਪਹੁੰਚ ਗਈਆਂ ਹਨ। ਜਾਣਕਾਰੀ ਅਨੁਸਾਰ ਇਨ੍ਹਾਂ ਸਾਰੇ ਫਸੇ ਲੋਕਾਂ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਵੈਲ ਨੇ ਇੱਕ ਬਿਆਨ ਵਿੱਚ ਕਿਹਾ, “ਸਾਨੂੰ ਪੂਰੀ ਉਮੀਦ ਹੈ ਕਿ ਅੱਜ ਰਾਤ ਤੱਕ ਹਰ ਕਿਸੇ ਨੂੰ ਬਾਹਰ ਕੱਢ ਲਿਆ ਜਾਵੇਗਾ। ਯੂਨਾਈਟਿਡ ਸਟੀਲਵਰਕਰਸ, ਜੋ ਕਿ ਖਾਨ ਵਿੱਚ ਫਸੇ 39 ਮਜ਼ਦੂਰਾਂ ਵਿੱਚੋਂ 30 ਦੀ ਪ੍ਰਤੀਨਿਧਤਾ ਕਰਦੀ ਹੈ, ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਖਾਨ ਵਿੱਚ ਫਸੇ ਸਾਰੇ ਮਜ਼ਦੂਰਾਂ ਨੂੰ ਸੁਰੱਖਿਅਤ ਕੱਢ ਲਿਆ ਜਾਵੇਗਾ।
ਕੰਪਨੀ ਨੇ ਕਿਹਾ ਕਿ ਕਰਮਚਾਰੀਆਂ ਨੂੰ ਭੋਜਨ ਪਦਾਰਥ, ਪੀਣ ਵਾਲਾ ਪਾਣੀ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਹਨ। ਵੈਲ ਨੇ ਕਿਹਾ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਐਤਵਾਰ ਨੂੰ ਖਦਾਨ ਦੇ ਅੰਦਰ ਭੇਜੀ ਜਾ ਰਹੀ ‘ਸਕੂਪ ਬਾਲਟੀ’ ਅਲੱਗ ਹੋ ਗਈ ਅਤੇ ਜਿਸ ਕਾਰਨ ਖਦਾਨ ਦਾ ਐਂਟਰੀ ਗੇਟ ਬੰਦ ਹੋ ਗਿਆ ਅਤੇ ਮਜ਼ਦੂਰ ਅੰਦਰ ਫਸ ਗਏ।