4.3 magnitude earthquake hits: ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਵੀਰਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ ਪਾਕਿਸਤਾਨ ਦੇ ਇਸਲਾਮਾਬਾਦ ਅਤੇ ਕਾਬੁਲ ਵਿੱਚ ਧਰਤੀ ਕੰਬੀ ਹੈ। ਕਾਬੁਲ ਵਿੱਚ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.2 ਸੀ, ਜਦੋਂ ਕਿ ਇਸਲਾਮਾਬਾਦ ਵਿੱਚ ਆਏ ਭੂਚਾਲ ਦੀ ਤੀਬਰਤਾ 4.3 ਸੀ । ਇਨ੍ਹਾਂ ਦੋਹਾਂ ਝਟਕਿਆਂ ਵਿਚਕਾਰ ਲਗਭਗ 10 ਮਿੰਟ ਦਾ ਅੰਤਰ ਸੀ।
ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਅਨੁਸਾਰ ਅਫਗਾਨਿਸਤਾਨ ਦੇ ਕਾਬੁਲ ਵਿੱਚ 273 ਕਿਲੋਮੀਟਰ NNE ਵਿੱਚ ਸਵੇਰੇ 5.33 ਵਜੇ 4.2 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਤਕਰੀਬਨ 10 ਮਿੰਟ ਬਾਅਦ ਯਾਨੀ 5.43 ਵਜੇ ਇਸਲਾਮਾਬਾਦ ਤੋਂ 40 ਕਿਲੋਮੀਟਰ ਪੱਛਮ ਵਿੱਚ 4.3 ਤੀਬਰਤਾ ਦਾ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨ ਜਾਂ ਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 16 ਸਤੰਬਰ ਨੂੰ ਨੇਪਾਲ ਵਿੱਚ ਇੱਕ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ । ਸਥਾਨਕ ਸਮੇਂ ਅਨੁਸਾਰ ਸਵੇਰੇ 5: 19 ਵਜੇ ਇੱਕ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਭੂਚਾਲ ਦਾ ਕੇਂਦਰ ਕਾਠਮਾਂਡੂ ਦੇ ਨਾਲ ਲੱਗਦੇ ਸਿੰਧੂਪੁਲਚੋਕ ਜ਼ਿਲ੍ਹੇ ਦੇ ਰਮਚੇ ਵਿਖੇ ਸੀ। ਮਾਪਦੰਡ ਅਨੁਸਾਰ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.0 ਸੀ।
ਇਸ ਸਬੰਧੀ ਸਿੰਧੂਪਾਲਚੋਕ ਜ਼ਿਲ੍ਹੇ ਦੇ ਭੋਤੇਕੋਸ਼ੀ ਗੌਂਪਾਲੀਕਾ ਦੇ ਪ੍ਰਧਾਨ ਰਾਜਕੁਮਾਰ ਪੌਡੇਲ ਨੇ ਦੱਸਿਆ ਸੀ ਕਿ ਜ਼ਿਲ੍ਹੇ ਵਿੱਚ ਤਿੰਨ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਉਨ੍ਹਾਂ ਕਿਹਾ ਵੀ ਕਿ ਭੂਚਾਲ ਤੇਜ਼ ਸੀ, ਪਰ ਕਿਸੇ ਨੁਕਸਾਨ ਦੀ ਖਬਰ ਨਹੀਂ ਮਿਲੀ । ਭੂਚਾਲ ਦੇ ਇਹ ਝਟਕੇ ਨੇਪਾਲ ਦੇ ਕਾਠਮੰਡੂ, ਸਿੰਧੂਪਾਲਚੋਕ, ਪੋਖਰਾ, ਚਿਤਵਨ, ਵੀਰਗੰਜ, ਜਨਕਪੁਰ ਤੱਕ ਮਹਿਸੂਸ ਹੋਏ ਸਨ ।