400 year old secret tunnel: ਪਾਕਿਸਤਾਨ ਦੇ ਲਾਹੌਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਲਾਹੌਰ ਕਿਲ੍ਹੇ ਵਿੱਚ ਖੁਦਾਈ ਦੇ ਦੌਰਾਨ ਉੱਥੇ ਇੱਕ 400 ਸਾਲ ਪੁਰਾਣੀ ਸੁਰੰਗ ਮਿਲੀ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ । ਇਹ ਸੁਰੰਗ 400 ਸਾਲ ਪੁਰਾਣੀ ਹੈ ਪਰ ਇਸ ਤੋਂ ਬਾਅਦ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੈ, ਜੋ ਸਭ ਤੋਂ ਵੱਧ ਹੈਰਾਨੀ ਵਾਲੀ ਗੱਲ ਹੈ। ਦੱਸ ਦੇਈਏ ਕਿ ਲਾਹੌਰ ਕਿਲ੍ਹੇ ਵਿੱਚ 21 ਯਾਦਗਾਰਾਂ ਹਨ, ਜਿਨ੍ਹਾਂ ਵਿਚੋਂ ਕੁਝ ਸਮਰਾਟ ਅਕਬਰ ਦੇ ਯੁੱਗ ਨਾਲ ਸਬੰਧਿਤ ਹਨ। ਇਨ੍ਹਾਂ ਸਮਾਰਕਾਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਇਸ ਮੁਰੰਮਤ ਦੇ ਕੰਮ ਦੌਰਾਨ ਲੋਕਾਂ ਨੂੰ ਇਹ 400 ਸਾਲ ਪੁਰਾਣੀ ਸੁਰੰਗ ਮਿਲੀ ਹੈ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਇਸ ਸੁਰੰਗ ਦੀ ਮਜ਼ਬੂਤੀ ਹਾਲੇ ਤੱਕ ਪਹਿਲਾਂ ਵਾਂਗ ਹੀ ਹੈ।
ਦਰਅਸਲ, ਇਹ ਸੁਰੰਗ ਹਵਾਦਾਰ ਹੈ ਅਤੇ ਰੌਸ਼ਨੀ ਵੀ ਸੁਰੰਗ ਵਿੱਚ ਭਰਪੂਰ ਪਹੁੰਚ ਰਹੀ ਹੈ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਸੁਰੰਗ ਦੇ ਅੰਦਰ ਅਜੇ ਵੀ ਬਹੁਤ ਸਾਰੇ ਗੁਪਤ ਰਸਤੇ ਹਨ। ਕੁਝ ਰਿਪੋਰਟਾਂ ਦਾ ਕਹਿਣਾ ਹੈ ਕਿ ਇਸ ਸੁਰੰਗ ਦੀ ਵਰਤੋਂ ਗੁਪਤ ਰਾਹ ਅਤੇ ਡਰੇਨੇਜ ਲਈ ਕੀਤਾ ਗਿਆ ਸੀ। ਲਾਹੌਰ ਦੇ ਮੱਧ ਵਿੱਚ ਸਥਿਤ ਇਸ ਸੁਰੰਗ ਦੀਆਂ ਕੰਧਾਂ ਬਹੁਤ ਮਜਬੂਤ ਹਨ। WCLA ਦੇ ਸਬ-ਇੰਜੀਨੀਅਰ ਹਾਫਿਜ ਉਮਰਾਨ ਦਾ ਕਹਿਣਾ ਹੈ ਕਿ ਜਦੋਂ ਮੋਤੀ ਮਸਜਿਦ ਅਤੇ ਮਕਤਬ ਖਾਨਾ ਦੇ ਪੁਨਰਵਾਸ ਅਤੇ ਨਵੀਨੀਕਰਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਤਾਂ ਖੁਦਾਈ ਦੇ ਦੌਰਾਨ ਸੁਰੰਗ ਦੇ ਨਿਸ਼ਾਨ ਮਿਲੇ ਸਨ।
ਦੱਸਿਆ ਜਾ ਰਿਹਾ ਹੈ ਕਿ ਬਾਰਿਸ਼ ਦੇ ਮੌਸਮ ਵਿੱਚ ਕਿਲ੍ਹੇ ਦੀਆਂ ਸੁਰੰਗਾਂ ਵਿੱਚ ਪਾਣੀ ਇਕੱਠਾ ਹੋ ਜਾਂਦਾ ਸੀ, ਜਿਸ ਕਾਰਨ ਕਿਲ੍ਹੇ ਦੇ ਵੱਖ-ਵੱਖ ਹਿੱਸੇ ਨੁਕਸਾਨੇ ਗਏ ਸਨ । ਹਾਫਿਜ ਉਮਰਾਨ ਨੇ ਦੱਸਿਆ ਕਿ ਖੁਦਾਈ ਦੌਰਾਨ ਉਸ ਨੂੰ ਬਹੁਤ ਸਾਰੇ ਸੱਪ ਅਤੇ ਬਿਛੂ ਮਿਲੇ ਸਨ । ਉੱਥੇ ਹੀ ਪੁਰਾਤੱਤਵ ਵਿਭਾਗ ਦਾ ਕਹਿਣਾ ਹੈ ਕਿ ਇਸ ਕਿਲ੍ਹੇ ਦੀਆਂ ਸੱਤ ਪਰਤਾਂ ਸਨ।