53 ventilators from Denmark : ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਕੋਰੋਨਾ ਦੇ ਮਾਮਲੇ ਰੋਜ਼ਾਨਾ ਨਵੇਂ ਰਿਕਾਰਡ ਕਾਇਮ ਕਰ ਰਹੇ ਹਨ। ਕੋਰੋਨਾ ਦੇ ਰੋਜ਼ਾਨਾ ਚਾਰ ਲੱਖ ਮਾਮਲੇ ਲਗਾਤਾਰ ਦੂਜੇ ਦਿਨ ਦਰਜ ਕੀਤੇ ਗਏ ਹਨ। ਇਸ ਸਭ ਦੇ ਵਿਚਕਾਰ, ਕੇਂਦਰ ਸਰਕਾਰ ਦੇ ਵਿਗਿਆਨਕ ਸਲਾਹਕਾਰ ਨੇ ਕੋਰੋਨਾ ਦੀ ਤੀਜੀ ਲਹਿਰ ਦੇ ਆਉਣ ਦੀ ਘੋਸ਼ਣਾ ਕੀਤੀ ਹੈ, ਹਾਲਾਂਕਿ ਇਹ ਲਹਿਰ ਕਦੋਂ ਆਵੇਗੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਕੋਰੋਨਾ ਦੇ ਮਾਮਲਿਆਂ ਵਿੱਚ ਹੋ ਰਹੇ ਭਾਰੀ ਇਜ਼ਾਫ਼ੇ ਕਾਰਨ ਦੇਸ਼ ਵਿੱਚ ਸਿਹਤ ਸਹੂਲਤਾਂ ਦੀ ਕਮੀ ਹੋ ਰਹੀ ਹੈ। ਦੇਸ਼ ਦੇ ਕੁਝ ਰਾਜਾਂ ਵਿੱਚ ਕੋਰੋਨਾ ਦੇ ਮਾਮਲੇ ਇੰਨੇ ਜ਼ਿਆਦਾ ਵੱਧ ਰਹੇ ਹਨ ਜਿਸ ਕਾਰਨ ਹਸਪਤਾਲਾਂ ਵਿੱਚ ਬੈੱਡਾਂ ਤੇ ਆਕਸੀਜਨ ਦੀ ਕਮੀ ਹੋ ਰਹੀ ਹੈ। ਜਿਸਦੇ ਮੱਦੇਨਜ਼ਰ ਭਾਰਤ ਵਿੱਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਭਾਰਤ ਵਿੱਚ ਕੋਰੋਨਾ ਕਾਰਨ ਵਿਗੜੇ ਹਾਲਾਤਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ ਮਦਦ ਲਈ ਅੱਗੇ ਆ ਰਹੇ ਹਨ। ਇਸੇ ਵਿਚਾਲੇ ਡੈਨਮਾਰਕ ਵੱਲੋਂ ਵੀ ਹੁਣ ਸਿਹਤ ਸਹੂਲਤਾਂ ਲਈ ਮਦਦ ਭੇਜੀ ਗਈ ਹੈ।
ਡਾਕਟਰੀ ਉਪਕਰਣਾਂ ਦੀ ਘਾਟ ਦੇ ਮੱਦੇਨਜ਼ਰ, ਵਿਦੇਸ਼ਾਂ ਤੋਂ ਭਾਰਤ ਆਉਣ ਵਾਲੀ ਸਹਾਇਤਾ ਨਿਰੰਤਰ ਜਾਰੀ ਹੈ। ਇਸ ਦੌਰਾਨ ਹੁਣ ਡੈਨਮਾਰਕ ਨੇ 53 ਵੈਂਟੀਲੇਟਰ ਭਾਰਤ ਭੇਜੇ ਹਨ। ਇਸ ਤੋਂ ਇਲਾਵਾ 5 ਮਈ ਨੂੰ ਰਾਜਧਾਨੀ ਦਿੱਲੀ ਵਿੱਚ ਕੁਵੈਤ ਦੂਤਘਰ ਨੇ ਕਿਹਾ ਕਿ ਇੱਕ ਵਪਾਰਕ ਸਮੁੰਦਰੀ ਜਹਾਜ਼ ਐਮਵੀ ਸੀਏਪੀਟੀ ਕੈਟਲਮੈਨ, ਕੁੱਲ 75 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਅਤੇ 100 ਆਕਸੀਜਨ ਸਿਲੰਡਰ ਲੈ ਕੇ ਅਲ-ਸ਼ੁਏਬਾ ਬੰਦਰਗਾਹ ਤੋਂ ਰਵਾਨਾ ਹੋਇਆ ਸੀ। ਜਹਾਜ਼ ਦੇ 10 ਮਈ ਨੂੰ ਭਾਰਤ ਪਹੁੰਚਣ ਦੀ ਉਮੀਦ ਹੈ। ਦੂਤਘਰ ਨੇ ਕਿਹਾ ਕਿ ਉਸੇ ਦਿਨ ਆਈਐਨਐਸ ਕੋਲਕਾਤਾ ਆਈਐਸਓ ਕ੍ਰਿਓਜੈਨਿਕ ਟੈਂਕਾਂ ਵਿੱਚ 40 ਮੀਟ੍ਰਿਕ ਟਨ ਤਰਲ ਆਕਸੀਜਨ, 200 ਆਕਸੀਜਨ ਸਿਲੰਡਰ, ਆਕਸੀਜਨ ਕੰਸਨਟ੍ਰੇਟਰਸ ਅਤੇ ਹੋਰ ਰਾਹਤ ਸਪਲਾਈ ਲੈ ਕੇ ਕੁਵੈਤ ਤੋਂ ਭਾਰਤ ਲਈ ਰਵਾਨਾ ਹੋਇਆ ਸੀ। ਆਈ ਐਨ ਐਸ ਕੋਲਕਾਤਾ ਦੇ 9 ਮਈ ਨੂੰ ਭਾਰਤ ਪਹੁੰਚਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਦੂਤਘਰ ਨੇ ਦੱਸਿਆ ਕਿ ਭਾਰਤੀ ਜਲ ਸੈਨਾ ਦੇ ਦੋ ਸਮੁੰਦਰੀ ਜਹਾਜ਼ ਆਈ.ਐੱਨ.ਐੱਸ. ਕੋਚੀ ਅਤੇ ਆਈ.ਐਨ.ਐੱਸ. ਤਾਬਰ ਸ਼ੁਵਾਇਕ ਬੰਦਰਗਾਹ ਤੋਂ ਕੁੱਲ 100 ਮੀਟ੍ਰਿਕ ਟਨ ਮੈਡੀਕਲ ਆਕਸੀਜਨ ਅਤੇ 1400 ਆਕਸੀਜਨ ਸਿਲੰਡਰ ਲੈ ਕੇ ਰਵਾਨਾ ਹੋਏ ਹਨ। ਇਹ ਜਹਾਜ਼ 11 ਮਈ ਨੂੰ ਮੁੰਬਈ ਪਹੁੰਚ ਸਕਦੇ ਹਨ।
ਜ਼ਿਕਰਯੋਗ ਹੈ ਕੇ ਭਾਰਤ ਦੇ ਸਿਹਤ ਮੰਤਰਾਲੇ ਵੱਲੋਂ ਅੱਜ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿੱਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 4,14,188 ਨਵੇਂ ਕੋਵਿਡ-19 ਕੇਸ ਦਰਜ ਕੀਤੇ ਗਏ ਹਨ। ਜਦਕਿ ਇਸ ਸਮੇਂ ਦੌਰਾਨ, 3915 ਵਿਅਕਤੀਆਂ ਦੀ ਮੌਤ ਹੋਈ ਹੈ। ਦੇਸ਼ ਵਿੱਚ ਸੰਕਰਮਣ ਦੇ ਕੁੱਲ ਕੇਸਾਂ ਦੀ ਗਿਣਤੀ 2.14 ਕਰੋੜ ਤੋਂ ਉਪਰ ਪਹੁੰਚ ਗਈ ਹੈ।
ਇਹ ਵੀ ਦੇਖੋ : 5G ਨਾਲ ਨਹੀਂ ਫੈਲਦਾ ਕੋਰੋਨਾ, ਵਕੀਲ ਦੀ ਵਾਇਰਲ ਵੀਡੀਓ ਦਾ ਸੱਚ ਸੁਣੋ ਤੇ ਅਫਵਾਹਾਂ ਤੋਂ ਬਚੋ