ਅਫਗਾਨਿਸਤਾਨ ਦੇ ਪੰਜਸ਼ੀਰ ਵਿੱਚ ਕਬਜ਼ੇ ਨੂੰ ਲੈ ਕੇ ਤਾਲਿਬਾਨ ਤੇ ਰੇਜਿਸਟੇਂਸ ਫੋਰਸਾਂ ਵਿਚਾਲੇ ਖੂਨੀ ਜੰਗ ਜਾਰੀ ਹੈ। ਸ਼ਨੀਵਾਰ ਨੂੰ ਵੀ ਇੱਥੇ ਖੂਨੀ ਸੰਘਰਸ਼ ਜਾਰੀ ਰਿਹਾ। ਜਿਸ ਵਿੱਚ ਬਹੁਤ ਸਾਰੇ ਤਾਲਿਬਾਨੀ ਲੜਾਕਿਆਂ ਦੀ ਮੌਤ ਹੋ ਗਈ।
ਇਸ ਬਾਰੇ ਰੇਜਿਸਟੇਂਸ ਫੋਰਸਾਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਪੰਜਸ਼ੀਰ ਦੇ ਉੱਤਰ-ਪੂਰਬੀ ਹਿੱਸੇ ਵਿੱਚ ਤਕਰੀਬਨ 600 ਤਾਲਿਬਾਨੀਆਂ ਦੀ ਮੌਤ ਹੋ ਚੁੱਕੀ ਹੈ ਤੇ 1000 ਤੋਂ ਵੱਧ ਤਾਲਿਬਾਨੀ ਲੜਾਕਿਆਂ ਨੇ ਗੋਡੇ ਟੇਕ ਦਿੱਤੇ ਹਨ।
ਇੱਕ ਪਾਸੇ ਜਿੱਥੇ ਰੇਜਿਸਟੇਂਸ ਫੋਰਸਾਂ ਵੱਲੋਂ 600 ਤਾਲਿਬਾਨੀਆਂ ਨੂੰ ਮਾਰ ਸੁੱਟਣ ਦਾ ਦਾਅਵਾ ਕੀਤਾ ਹੈ ਤਾਂ ਉੱਥੇ ਹੀ ਦੂਜੇ ਪਾਸੇ ਤਾਲਿਬਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੰਜਸ਼ੀਰ ਦੇ ਸੱਤ ਵਿਚੋਂ 4 ਜ਼ਿਲ੍ਹਿਆਂ ‘ਤੇ ਆਪਣਾ ਕਬਜ਼ਾ ਕਰ ਲਿਆ ਹੈ।
ਇਸ ਬਾਰੇ ਤਾਲਿਬਾਨੀ ਨੇਤਾ ਦਾ ਕਹਿਣਾ ਹੈ ਕਿ ਸਾਡੀ ਲੜਾਈ ਜਾਰੀ ਸੀ ਤੇ ਲੜਾਕੇ ਗਵਰਨਰ ਹਾਊਸ ਵੱਲ ਵੱਧ ਰਹੇ ਸਨ, ਪਰ ਰਸਤੇ ਵਿੱਚ ਬਾਰੂਦੀ ਸੁਰੰਗਾਂ ਕਾਰਨ ਲੜਾਈ ਦੀ ਰਫਤਾਰ ਹੌਲੀ ਹੋ ਗਈ। ਉਨ੍ਹਾਂ ਕਿਹਾ ਕਿ ਅਸੀਂ ਹੌਲੀ-ਹੌਲੀ ਪੰਜਸ਼ੀਰ ਵੱਲ ਵੱਧ ਰਹੇ ਹਾਂ।
ਦੱਸ ਦੇਈਏ ਕਿ ਅਮਰੁੱਲਾ ਸਾਲੇਹ ਵੱਲੋਂ ਇਨ੍ਹਾਂ ਖਬਰਾਂ ਨੂੰ ਖਾਰਿਜ ਕਰ ਦਿੱਤਾ ਗਿਆ ਜੈ, ਜਿਸ ਵਿਚ ਕਿਹਾ ਜਾ ਰਿਹਾ ਸੀ ਕਿ ਤਾਲਿਬਾਨ ਨੇ ਇਸ ਖੇਤਰ ‘ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਨੇ ਇਸ ਗੱਲ ਨੂੰ ਜ਼ਰੂਰ ਸਵੀਕਾਰ ਕੀਤਾ ਹੈ ਕਿ ਤਾਲਿਬਾਨ ਵੱਲੋਂ ਫੋਨ, ਇੰਟਰਨੈੱਟ ਤੇ ਬਿਜਲੀ ਲਾਈਨਾਂ ਨੂੰ ਬੰਦ ਕਰਨ ਨਾਲ ਸਥਿਤੀ ਬਹੁਤ ਮੁਸ਼ਕਿਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਇੱਕ ਮੁਸ਼ਕਿਲ ਸਥਿਤੀ ਵਿੱਚ ਹਾਂ। ਸਾਡੇ ‘ਤੇ ਤਾਲਿਬਾਨ ਦਾ ਹਮਲਾ ਹੋਇਆ ਹੈ, ਪਰ ਸਾਡੀ ਫੌਜ ਉਨ੍ਹਾਂ ਅੱਗੇ ਨਹੀਂ ਝੁਕੇਗੀ।