90% China Sinovac employees: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਪਰ ਇਸੇ ਵਿਚਾਲੇ ਹੁਣ ਕੋਰੋਨਾ ਵੈਕਸੀਨ ਨੂੰ ਲੈ ਕੇ ਕਈ ਦੇਸ਼ਾਂ ਤੋਂ ਖੁਸ਼ਖਬਰੀ ਆਉਣੀ ਸ਼ੁਰੂ ਹੋ ਗਈ ਹੈ। ਚੀਨ ਦੀ ਸਿਨੋਵੈਕ ਬਾਇਓਟੈਕ ਕੰਪਨੀ ਵੀ ਆਪਣੀ ਵੈਕਸੀਨ ਦਾ ਟ੍ਰਾਇਲ ਜ਼ੋਰਾਂ ‘ਤੇ ਕਰ ਰਹੀ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਅਨੁਸਾਰ ਸਿਨੋਵੈਕ ਦੇ ਲਗਭਗ 90 ਪ੍ਰਤੀਸ਼ਤ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਕੋਰੋਨਾ ਵਾਇਰਸ ਦੀ ਇਹ ਪ੍ਰਯੋਗਿਕ ਵੈਕਸੀਨ ਲਗਵਾਈ ਹੈ। ਇਹ ਵੈਕਸੀਨ ਲੋਕਾਂ ਨੂੰ ਜੁਲਾਈ ਵਿੱਚ ਲਾਂਚ ਐਮਰਜੈਂਸੀ ਪ੍ਰੋਗਰਾਮ ਤਹਿਤ ਦਿੱਤੀ ਜਾ ਰਹੀ ਹੈ।
ਕੰਪਨੀ ਵੱਲੋਂ ਇਸ ਵੈਕਸੀਨ ਦੇ ਐਮਰਜੈਂਸੀ ਵਰਤੋਂ ਪ੍ਰੋਗਰਾਮ ਬਾਰੇ ਕੁਝ ਜਾਣਕਾਰੀ ਸਾਂਝੀ ਕੀਤੀ ਗਈ ਹੈ। ਕੰਪਨੀ ਵੱਲੋਂ ਇਹ ਦੱਸਿਆ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਪ੍ਰਯੋਗਾਤਮਕ ਵੈਕਸੀਨ ਕਰਮਚਾਰੀਆਂ ਨੂੰ ਦਿੱਤੀ ਜਾ ਰਹੀ ਹੈ। ਹਾਲਾਂਕਿ, ਵੈਕਸੀਨ ਦਾ ਟ੍ਰਾਇਲ ਅਜੇ ਵੀ ਜਾਰੀ ਹੈ। ਵੈਕਸੀਨ ਦੇ ਐਮਰਜੈਂਸੀ ਪ੍ਰੋਗਰਾਮ ਦਾ ਉਦੇਸ਼ ਕੁਝ ਖਾਸ ਸਮੂਹ ਦੇ ਲੋਕਾਂ ਲਈ ਹੈ, ਜਿਨ੍ਹਾਂ ਵਿੱਚ ਮੈਡੀਕਲ ਸਟਾਫ, ਫ਼ੂਡ ਮਾਰਕੀਟ ਵਿੱਚ ਕੰਮ ਕਰ ਰਹੇ ਲੋਕ, ਆਵਾਜਾਈ ਅਤੇ ਸੇਵਾ ਦੇ ਖੇਤਰਾਂ ਵਿੱਚ ਕੰਮ ਕਰਨ ਵਾਲੇ ਲੋਕ ਸ਼ਾਮਿਲ ਹਨ।
ਸਿਨੋਵੈਕ ਦੀ ਵੈਕਸੀਨ ਕੋਰੋਨਾਵੈਕ ਦੇ ਤੀਜੇ ਪੜਾਅ ਦਾ ਟ੍ਰਾਇਲ ਜਾਰੀ ਹੈ। ਵੈਕਸੀਨ ਦੀ ਐਮਰਜੈਂਸੀ ਯੋਜਨਾ ਵੀ ਇਸ ਟ੍ਰਾਇਲ ਦਾ ਹਿੱਸਾ ਹੈ। ਕੰਪਨੀ ਦੇ ਸੀਈਓ ਯਿਨ ਵੇਈਡੋਂਗ ਨੇ ਦੱਸਿਆ ਕਿ ਇਹ ਵੈਕਸੀਨ ਤਕਰੀਬਨ 2000 ਤੋਂ 3000 ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਿੱਤੀ ਗਈ ਹੈ। ਐਮਰਜੈਂਸੀ ਪ੍ਰੋਗਰਾਮ ਦੀ ਜ਼ਰੂਰਤ ‘ਤੇ ਯਿਨ ਵੇਈਡੋਂਗ ਨੇ ਕਿਹਾ, “ਇੱਕ ਵਿਕਾਸਕਰਤਾ ਅਤੇ ਨਿਰਮਾਤਾ ਹੋਣ ਦੇ ਨਾਤੇ ਕੋਰੋਨਾ ਵਾਇਰਸ ਦਾ ਨਵਾਂ ਪ੍ਰਕੋਪ ਸਾਡੇ ਵੈਕਸੀਨ ਉਤਪਾਦਨ ਨੂੰ ਸਿੱਧੇ ਤੌਰ ‘ਤੇ ਪ੍ਰਭਾਵਿਤ ਕਰ ਸਕਦਾ ਹੈ।”
ਵੈਕਸੀਨ ਦੇ ਅੰਕੜਿਆਂ ‘ਤੇ ਯਿਨ ਵੇਈਡੋਂਗ ਨੇ ਕਿਹਾ,’ਐਮਰਜੈਂਸੀ ਪ੍ਰੋਗਰਾਮ ਦਾ ਅੰਕੜਾ ਇਸ ਗੱਲ ਦਾ ਸਬੂਤ ਮੁਹੱਈਆ ਕਰਵਾ ਸਕਦਾ ਹੈ ਕਿ ਇਹ ਸੁਰੱਖਿਅਤ ਹੈ ਜਾਂ ਨਹੀਂ। ਇਹ ਡੇਟਾ ਰਜਿਸਟਰਡ ਕਲੀਨਿਕਲ ਟ੍ਰਾਇਲ ਪ੍ਰੋਟੋਕੋਲ ਦਾ ਹਿੱਸਾ ਨਹੀਂ ਹੈ, ਇਸ ਲਈ ਵਪਾਰਕ ਵਰਤੋਂ ਨੂੰ ਮਨਜ਼ੂਰੀ ਦੇਣ ਵੇਲੇ ਰੈਗੂਲੇਟਰ ਡੇਟਾ ਨਹੀਂ ਵੇਖਦੇ ‘ ਦੱਸ ਦੇਈਏ ਕਿ ਕੋਰੋਨਾਵੈਕ ਦੇ ਇੱਕ ਮੱਧ-ਪੜਾਅ ਦੇ ਟ੍ਰਾਇਲ ਦੇ ਨਤੀਜਿਆਂ ਤੋਂ ਪਤਾ ਚੱਲਿਆ ਕਿ ਵੈਕਸੀਨ ਦੇ ਮਾੜੇ ਪ੍ਰਭਾਵਾਂ ਵਿੱਚ ਥਕਾਵਟ, ਬੁਖਾਰ ਅਤੇ ਦਰਦ ਵਰਗੇ ਲੱਛਣ ਸ਼ਾਮਿਲ ਹਨ। ਇਨ੍ਹਾਂ ਵਿੱਚੋਂ ਬਹੁਤੇ ਲੱਛਣ ਬਹੁਤ ਹਲਕੇ ਪਾਏ ਗਏ। ਕੋਰੋਨਾ ਵਾਇਰਸ ਦੀ ਕਿਸੇ ਵੀ ਵੈਕਸੀਨ ਨੇ ਫਾਈਨਲ ਟ੍ਰਾਇਲ ਅਜੇ ਤੱਕ ਪੂਰਾ ਨਹੀਂ ਕੀਤਾ ਹੈ ਤਾਂ ਜੋ ਵੈਕਸੀਨ ਦੇ ਸੁਰੱਖਿਅਤ ਤੇ ਪ੍ਰਭਾਵੀ ਹੋਣ ਦੀ ਜਾਣਕਾਰੀ ਮਿਲ ਸਕੇ।