ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨੀ ਕਬਜ਼ੇ ਤੋਂ ਬਾਅਦ ਪੈਦਾ ਹੋਏ ਸੰਕਟ ਕਾਰਨ ਹਰ ਪਾਸੇ ਭਗਦੜ ਦਾ ਮਾਹੌਲ ਹੈ। ਅਜਿਹੇ ਵਿੱਚ ਜ਼ਿਆਦਾਤਰ ਲੋਕਾਂ ਵੱਲੋਂ ਅਸ਼ਰਫ ਗਨੀ ਸਰਕਾਰ ‘ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਜਾ ਰਿਹਾ ਹੈ।
ਇਸੇ ਵਿਚਾਲੇ ਹੁਣ ਅਫ਼ਗ਼ਾਨਿਸਤਾਨ ਦੀ ਟਾਪ ਪਾਪ ਸਟਾਰ ਆਰੀਆਨਾ ਸਈਦ ਨੇ ਵੀ ਅਸ਼ਰਫ ਗਨੀ ਖਿਲਾਫ਼ ਮੋਰਚਾ ਖੋਲ੍ਹਿਆ ਹੈ ਤੇ ਕਿਹਾ ਹੈ ਕਿ ਉਨ੍ਹਾਂ ਨੇ ਦੇਸ਼ ਨੂੰ ਸ਼ਰਮਸਾਰ ਕਰ ਦਿੱਤਾ। ਇਸ ਤੋਂ ਇਲਾਵਾ ਇਸ ਸੰਕਟ ਵਿੱਚ ਸਈਦ ਨੇਭਾਰਤ ਨੂੰ ਹੀ ਸਹਾਰਾ ਦੱਸਿਆ ਹੈ।
ਆਰਿਆਨਾ ਨੇ ਕਿਹਾ ਕਿ ਮੈਂ ਉਨ੍ਹਾਂ ਔਰਤਾਂ ਲਈ ਚਿੰਤਤ ਹਾਂ ਜੋ ਘਰਾਂ ਦੇ ਅੰਦਰ ਫਸੀਆਂ ਰਹਿਣਗੀਆਂ ਅਤੇ ਉਹ ਆਪਣੇ ਬੁਨਿਆਦੀ ਅਧਿਕਾਰਾਂ ਤੋਂ ਵਾਂਝੀਆਂ ਰਹਿ ਜਾਣਗੀਆਂ । ਉਨ੍ਹਾਂ ਦਾ ਇਕੱਲੇ ਬਾਹਰ ਜਾਣਾ ਜਾਂ ਸਕੂਲ ਜਾਣਾ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ । ਜੇਕਰ ਅਫ਼ਗਾਨਿਸਤਾਨ ਦੀ ਕਮਾਨ ਤਾਲਿਬਾਨ ਦੇ ਹੱਥਾਂ ਵਿੱਚ ਰਹੀ ਤਾਂ ਉਥੋਂ ਦੀਆਂ ਔਰਤਾਂ ਦਾ ਕੋਈ ਭਵਿੱਖ ਨਹੀਂ ਹੋਵੇਗਾ ।
ਇਸ ਤੋਂ ਇਲਾਵਾ ਆਰੀਆਨਾ ਨੇ ਪਾਕਿਸਤਾਨ ‘ਤੇ ਮੌਜੂਦਾ ਸਥਿਤੀ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਾਲਾਂ ਤੋਂ ਹੁਣ ਤਕ ਅਸੀਂ ਅਜਿਹੇ ਵੀਡੀਓ ਅਤੇ ਸਬੂਤ ਦੇਖੇ ਹਨ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਤਾਲਿਬਾਨ ਨੂੰ ਤਾਕਤਵਰ ਬਣਾਉਣ ਪਿੱਛੇ ਪਾਕਿਸਤਾਨ ਦਾ ਹੱਥ ਹੈ। ਅਸੀਂ ਸਭ ਜਾਣਦੇ ਹਾਂ ਕਿ ਤਾਲਿਬਾਨ ਨੂੰ ਪਾਕਿਸਤਾਨ ਤੋਂ ਫੰਡਿੰਗ ਮਿਲਦੀ ਹੈ। ਉਨ੍ਹਾਂ ਨੂੰ ਪਾਕਿਸਤਾਨ ਤੋਂ ਨਿਰਦੇਸ਼ ਮਿਲਦੇ ਹਨ। ਉਨ੍ਹਾਂ ਦੇ ਅੱਡੇ ਪਾਕਿਸਤਾਨ ਵਿੱਚ ਹੈ, ਜਿੱਥੇ ਉਨ੍ਹਾਂ ਨੂੰ ਟ੍ਰੇਨਿੰਗ ਮਿਲਦੀ ਹੈ।
ਇਹ ਵੀ ਪੜ੍ਹੋ: ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਬਿਆਨ, ਕੇਂਦਰ ਸਰਕਾਰ ਨੂੰ ਕਿਹਾ…
ਇਸ ਤੋਂ ਇਲਾਵਾ ਅਫਗਾਨ ਪੌਪ ਸਟਾਰ ਨੇ ਕਿਹਾ ਕਿ ਭਾਰਤ, ਅਫਗਾਨਿਸਤਾਨ ਦਾ ਚੰਗਾ ਗੁਆਂਢੀ ਰਿਹਾ ਹੈ । ਉਸ ਨੇ ਹਮੇਸ਼ਾ ਤੋਂ ਚੰਗੇ ਦੋਸਤ ਵਾਂਗ ਸਾਡੀ ਮਦਦ ਕੀਤੀ। ਜਦੋਂ ਤਾਲਿਬਾਨ ਨੇ ਅਫਗਾਨਿਸਤਾਨ ‘ਤੇ ਕਬਜ਼ਾ ਕੀਤਾ ਉਦੋਂ ਭਾਰਤ ਨੇ ਨਾ ਸਿਰਫ ਆਪਣੇ ਨਾਗਰਿਕਾਂ ਸਗੋਂ ਅਫਗਾਨੀਆਂ ਨੂੰ ਵੀ ਬਾਹਰ ਕੱਢਣ ਵਿੱਚ ਮਦਦ ਕੀਤੀ। ਮੈਂ ਪੂਰੇ ਅਫਗਾਨਿਸਤਾਨ ਵੱਲੋਂ ਭਾਰਤ ਦਾ ਧੰਨਵਾਦ ਕਰਦੀ ਹਾਂ, ਕਿਉਂਕਿ ਉਸ ਨੇ ਜੋ ਵੀ ਕੀਤਾ ਉਹ ਕੋਈ ਹੋਰ ਨਹੀਂ ਕਰ ਸਕਦਾ।