Afghanistan Bomb Attack: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਸ਼ੀਆ ਬਹੁਲ ਪੱਛਮੀ ਹਿੱਸੇ ਵਿੱਚ ਸ਼ਨੀਵਾਰ ਨੂੰ ਇੱਕ ਸਕੂਲ ਨੇੜੇ ਹੋਏ ਬੰਬ ਧਮਾਕੇ ਵਿੱਚ ਘੱਟੋ-ਘੱਟ 55 ਲੋਕਾਂ ਦੀ ਮੌਤ ਹੋ ਗਈ ਅਤੇ 150 ਤੋਂ ਵੱਧ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ ਜ਼ਿਆਦਾਤਰ ਮਹਿਲਾਵਾਂ ਸ਼ਾਮਿਲ ਹਨ ।
ਤਾਲਿਬਾਨ ਨੇ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਇਸ ਵਿੱਚ ਆਪਣਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ । ਗ੍ਰਹਿ ਮੰਤਰਾਲੇ ਦੇ ਬੁਲਾਰੇ ਤਾਰਿਕ ਅਰੀਯਾਨ ਨੇ ਦੱਸਿਆ ਕਿ ਜ਼ਖਮੀਆਂ ਨੂੰ ਸ਼ੀਆ ਦੇ ਪ੍ਰਭਾਵਸ਼ਾਲੀ ਦਸਤ-ਏ-ਬਾਰਚੀ ਖੇਤਰ ਵਿੱਚ ਸਥਿਤ ਸੈਯਦ-ਅਲ-ਸ਼ਾਹਦਾ ਸਕੂਲ ਨੇੜੇ ਹੋਏ ਧਮਾਕੇ ਦੇ ਸਥਾਨ ਤੋਂ ਐਂਬੂਲੈਂਸ ਰਾਹੀਂ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ।
ਇਸ ਘਟਨਾ ਸਬੰਧੀ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਹ ਧਮਾਕਾ ਬਹੁਤ ਹੀ ਭਿਆਨਕ ਸੀ । ਨਿਵਾਸੀ ਨਸੀਰ ਰਹੀਮੀ ਨੇ ਕਿਹਾ ਕਿ ਉਨ੍ਹਾਂ ਨੇ ਤਿੰਨ ਵੱਖ-ਵੱਖ ਧਮਾਕਿਆਂ ਦੀ ਆਵਾਜ਼ ਸੁਣੀ । ਹਾਲਾਂਕਿ, ਇਸ ਦਾਅਵੇ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋ ਸਕੀ । ਰਹੀਮੀ ਨੇ ਕਿਹਾ ਕਿ ਧਮਾਕੇ ਦੀ ਤੀਬਰਤਾ ਨੂੰ ਵੇਖਦਿਆਂ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ । ਉਨ੍ਹਾਂ ਕਿਹਾ ਕਿ ਧਮਾਕਾ ਸਥਾਨਕ ਸਮੇਂ ਅਨੁਸਾਰ ਸ਼ਾਮ 4.30 ਵਜੇ ਹੋਇਆ ਅਤੇ ਉਸ ਸਮੇਂ ਲੜਕੀਆਂ ਸਕੂਲ ਤੋਂ ਨਿਕਲ ਰਹੀਆਂ ਸਨ ।
ਫਿਲਹਾਲ ਇਸ ਮਾਮਲੇ ਵਿੱਚ ਕਿਸੇ ਵੀ ਸੰਗਠਨ ਵੱਲੋਂ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਗਈ ਹੈ ਪਰ ਪਿਛਲੇ ਸਮੇਂ ਵਿੱਚ ਇਸਲਾਮਿਕ ਸਟੇਟ ਨੇ ਉਸੇ ਸ਼ੀਆ ਬਹੁਲ ਵਾਲੇ ਖੇਤਰ ਵਿੱਚ ਹੋਏ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ । ਕੱਟੜਪੰਥੀ ਸੁੰਨੀ ਮੁਸਲਿਮ ਸਮੂਹ ਨੇ ਅਫਗਾਨਿਸਤਾਨ ਵਿੱਚ ਘੱਟਗਿਣਤੀ ਸ਼ੀਆ ਮੁਸਲਮਾਨਾਂ ਵਿਰੁੱਧ ਲੜਾਈ ਦਾ ਐਲਾਨ ਕੀਤਾ ਹੈ।
ਦੱਸ ਦੇਈਏ ਇੱਕ ਘਟਨਾ ਸਬੰਧੀ ਸਿਹਤ ਮੰਤਰਾਲੇ ਦੇ ਬੁਲਾਰੇ ਗੁਲਾਮ ਦਸਤੀਗਰ ਨਜ਼ਰੀ ਨੇ ਕਿਹਾ ਕਿ ਨਾਰਾਜ਼ ਭੀੜ ਨੇ ਐਂਬੂਲੈਂਸ ‘ਤੇ ਹਮਲਾ ਕੀਤਾ ਅਤੇ ਇੱਥੇ ਤੱਕ ਕਿ ਸਿਹਤ ਕਰਮਚਾਰੀਆਂ ਦੀ ਕੁੱਟਮਾਰ ਵੀ ਕੀਤੀ । ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਹਿਯੋਗ ਕਰਨ ਅਤੇ ਐਂਬੂਲੈਂਸ ਨੂੰ ਘਟਨਾ ਵਾਲੀ ਥਾਂ ’ਤੇ ਜਾਣ ਦੇਣ ।