After UK Russia Joins Vaccine Race: ਬ੍ਰਿਟੇਨ ਵਿੱਚ ਫਾਈਜ਼ਰ ਦੀ ਵੈਕਸੀਨ ਨੂੰ ਮਨਜ਼ੂਰੀ ਮਿਲਣ ਦੇ ਐਲਾਨ ਤੋਂ ਬਾਅਦ ਰੂਸ ਨੇ ਵੀ ਵੱਡਾ ਐਲਾਨ ਕੀਤਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਦੇਸ਼ ਦੇ ਸਿਹਤ ਅਧਿਕਾਰੀਆਂ ਨੂੰ ਅਗਲੇ ਹਫਤੇ ਤੋਂ ਸਮੂਹਿਕ ਟੀਕਾਕਰਨ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ । ਦੱਸਿਆ ਗਿਆ ਕਿ ਸਪੁਤਨਿਕ-5 ਵੈਕਸੀਨ ਦੀਆਂ 20 ਲੱਖ ਡੋਜ਼ ਵੀ ਤਿਆਰ ਕੀਤੀਆਂ ਜਾ ਚੁੱਕੀਆਂ ਹਨ।
ਦਰਅਸਲ, ਰੂਸ ਨੇ ਇਹ ਐਲਾਨ ਉਸੇ ਦਿਨ ਕੀਤਾ ਜਦੋਂ ਬ੍ਰਿਟੇਨ ਨੇ ਫਾਈਜ਼ਰ-ਬਾਇਓਨੋਟੈਕ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਅਗਲੇ ਹਫਤੇ ਤੋਂ ਟੀਕਾਕਰਨ ਦੀ ਗੱਲ ਕਹੀ । ਰੂਸ ਨੇ ਪਿਛਲੇ ਹਫਤੇ ਕਿਹਾ ਸੀ ਕਿ ਅੰਤ੍ਰਿਮ ਜਾਂਚ ਦੇ ਨਤੀਜਿਆਂ ਵਿੱਚ ਸਪੂਤਨਿਕ ਵੈਕਸੀਨ 95 ਪ੍ਰਤੀਸ਼ਤ ਪ੍ਰਭਾਵਸ਼ਾਲੀ ਪਾਈ ਗਈ ਹੈ । ਇਹ ਹੋਰ ਅੰਤਰਰਾਸ਼ਟਰੀ ਮੁਕਾਬਲੇਬਾਜ਼ਾਂ ਨਾਲੋਂ ਅੱਗੇ ਹੈ।
ਸਪੁਤਨਿਕ-5 ਕਲੀਨਿਕਲ ਟ੍ਰਾਇਲ ਦੇ ਤੀਜੇ ਅਤੇ ਆਖਰੀ ਪੜਾਅ ਵਿੱਚ ਹੈ। ਇਸ ਵਿੱਚ 40 ਹਜ਼ਾਰ ਵਾਲੰਟੀਅਰਾਂ ਨੂੰ ਵੈਕਸੀਨ ਲਗਾਈ ਜਾਵੇਗੀ । ਕੋਰੋਨਾ ਵਾਇਰਸ ਟਾਸਕ ਫੋਰਸ ਦੀ ਅਗਵਾਈ ਕਰ ਰਹੇ ਉਪ ਪ੍ਰਧਾਨ ਮੰਤਰੀ ਤਾਤਿਆਨਾ ਗੋਲਿਕੋਵਾ ਨਾਲ ਵੀਡੀਓ ਕਾਨਫਰੰਸ ਦੌਰਾਨ ਪੁਤਿਨ ਨੇ ਕਿਹਾ, “ਮੈਂ ਤੁਹਾਨੂੰ ਕੰਮ ਦਾ ਆਯੋਜਨ ਕਰਨ ਲਈ ਕਹਾਂਗਾ ਤਾਂ ਜੋ ਅਗਲੇ ਹਫਤੇ ਦੇ ਅੰਤ ਤੱਕ ਅਸੀਂ ਸਮੂਹਕ ਟੀਕਾਕਰਨ ਸ਼ੁਰੂ ਕਰ ਸਕੀਏ।” ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਵੈਕਸੀਨ ਸਭ ਤੋਂ ਪਹਿਲਾਂ ਅਧਿਆਪਕਾਂ ਅਤੇ ਸਿਹਤ ਕਰਮਚਾਰੀਆਂ ਨੂੰ ਲਗਾਇਆ ਜਾਵੇਗਾ।
ਇਸ ਸਬੰਧੀ ਪੁਤਿਨ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ 20 ਲੱਖ ਖੁਰਾਕਾਂ ਦਾ ਉਤਪਾਦਨ ਕੀਤਾ ਜਾਵੇਗਾ। ਸਪੁਤਨਿਕ-5 ਵੈਕਸੀਨ ਵਿੱਚ ਦੋ ਵੱਖ-ਵੱਖ ਕਿਸਮਾਂ ਦੇ ਐਡੇਨੋਵਾਇਰਸ ਵੈਕਟਰਾਂ ਦੀ ਵਰਤੋਂ ਕੀਤੀ ਗਈ ਹੈ ਅਤੇ ਦੋ ਖੁਰਾਕਾਂ 21 ਦਿਨਾਂ ਦੇ ਅੰਤਰ ‘ਤੇ ਲਗਾਈਆਂ ਜਾਣਗੀਆਂ। ਇਹ ਵੈਕਸੀਨ ਸਾਰੇ ਰੂਸੀ ਨਾਗਰਿਕਾਂ ਨੂੰ ਮੁਫਤ ਦਿੱਤੀ ਜਾਵੇਗੀ ਅਤੇ ਇਹ ਸਵੈਇੱਛੁਕ ਹੋਵੇਗਾ ।
ਇਹ ਵੀ ਦੇਖੋ: ਬੀਰ ਸਿੰਘ ਨੂੰ ਮਿਲੇ ਸੀ ਕਿਸਾਨ ਅੰਦੋਲਨ ਖ਼ਰਾਬ ਕਰਨ ਵਾਲੇ, ਅੱਗੇ ਲਾ ਕੇ ਭਜਾਏ