ਚੀਨ ਦੇ ਲੋਕਾਂ ਖਾਸ ਕਰਕੇ ਬੱਚਿਆਂ ਵਿਚ ਮਾਈਕੋਪਲਾਜ਼ਮਾ ਨਿਮੋਨੀਆ ਅਤੇ ਇੰਫਲੂਏਂਜਾ ਫਲੂ ਫੈਲਣ ਦੇ ਮਾਮਲੇ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ।ਇਸ ਮਾਮਲੇ ‘ਤੇ ਵਿਸ਼ਵ ਸਿਹਤ ਸੰਗਠਨ ਨੇ ਵੀ ਚਿੰਤਾ ਜ਼ਾਹਿਰ ਕਰਦੇ ਹੋਏ ਚੀਨ ਤੋਂ ਸਬੰਧਤ ਜਾਣਕਾਰੀ ਮੰਗੀ ਹੈ। ਇਸ ਨੂੰ ਲੈ ਕੇ ਭਾਰਤ ਸਰਕਾਰ ਵੀ ਪੂਰੀ ਤਰ੍ਹਾਂ ਤੋਂ ਅਲਰਟ ਮੋਡ ਵਿਚ ਆ ਗਈ ਹੈ।
ਰਿਪੋਰਟ ਮੁਤਾਬਕ ਕੇਂਦਰ ਸਰਕਾਰ ਵੱਲੋਂ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ ਚਿੱਠੀ ਲਿਖ ਕੇ ਹਸਪਤਾਲ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਦੇ ਸਖਤ ਨਿਰਦੇਸ਼ ਦਿੱਤੇ ਹਨ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਵੀ ਕਿਹਾ ਕਿ ਸਿਹਤ ਮੰਤਰਾਲੇ ਚੀਨ ਵਿਚ ਬੱਚਿਆਂ ਵਿਚ ਫੈਲੀ ਸਾਹ ਦੀ ਬੀਮਾਰੀ ਦੇ ਮਾਮਲਿਆਂ ਵਿਚ ਵਾਧੇ ‘ਤੇ ਕਰੀਬੀ ਨਜ਼ਰ ਰੱਖ ਰਿਹਾ ਹੈ।
ਮੰਤਰਾਲੇ ਵੱਲੋਂ ਪੱਤਰ ਜਾਰੀ ਕਰਕੇ ਸਾਰੇ ਸੂਬਿਆਂ ਨੂੰ ਇਹ ਖਾਸ ਨਿਰਦੇਸ਼ ਦਿੱਤਾ ਹੈ ਕਿ ਉਹ ਹਸਪਤਾਲਾਂ ਵਿਚ ਮੌਜੂਦਾ ਸਿਹਤ ਸਹੂਲਤਾਂ ਦਾ ਬਾਰੀਕੀ ਨਾਲ ਨਿਰੀਖਣ ਕਰਨ। ਨਾਲ ਹੀ ਇੰਫਲੂਏਂਜਾ ਤੇ ਸਰਦੀਆਂ ਦੇ ਮੌਸਮ ਵਿਚ ਜ਼ਿਆਦਾ ਸਾਵਧਾਨੀ ਵਰਤਣ ਦੀ ਸਲਾਹ ਵੀ ਦਿੱਤੀ ਗਈ ਹੈ। ਮੰਤਰਾਲੇ ਨੇ ਸੂਬਿਆਂ ਤੋਂ ਆਪਣੇ ਹਸਪਤਾਲ ਦੀ ਤਿਆਰੀ ਦੇ ਉਪਾਵਾਂ ਵਿਚ ਜਿਵੇਂ ਕਿ ਹਸਪਤਾਲ ਬੈੱਡਸ ਉਪਲਬਧਤਾ, ਇੰਫਲੂਏਂਜਾ ਲਈ ਦਵਾਈ ਤੇ ਟੀਕੇ, ਚਕਿਤਸਾ ਆਕਸੀਜਨ, ਐਂਟੀਬਾਓਟਿਕਸ, ਪੀਪੀਈ ਆਦਿ ਦੀ ਜਾਂਚ ਕਰਨ ਨੂੰ ਖਾਸ ਤੌਰ ‘ਤੇ ਕਿਹਾ ਗਿਆ ਹੈ।
ਇਸ ਤੋਂ ਪਹਿਲਾਂ ਮੰਤਰਾਲੇ ਵੱਲੋਂ ਕਿਹਾ ਗਿਆ ਸੀ ਕਿ ਰਹੱਸਮਈ ਨਿਮੋਨੀਆ ਨਾਲ ਭਾਰਤ ਨੂੰ ਖਤਰਾ ਘੱਟ ਹੈ ਪਰ ਸਰਕਾਰ ਹਰ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਨਾਲ ਨਿਪਟਣ ਲਈ ਤਿਆਰ ਹੈ। ਬੱਚਿਆਂ ਵਿਚ ਇੰਫਲੂਏਂਜਾ ਵਰਗੀ ਬੀਮਾਰੀ ਤੇ ਗੰਭੀਰ ਤੇਜ਼ ਸਾਹ ਦੀ ਬੀਮਾਰੀ ਦੇ ਸਾਰੇ ਮਾਮਲਿਆਂ ਦੀ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ। ਮੰਤਰਾਲੇ ਨੇ ਇਸ ਗੱਲ ਨੂੰ ਵੀ ਦੁਹਰਾਇਆ ਕਿ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਚੇਤਾਵਨੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਦਰਅਸਲ ਚੀਨ ਵੱਲੋਂ WHO ਨੂੰ ਸੂਚਿਤ ਕੀਤਾ ਗਿਆ ਹੈ ਕਿ ਕੋਈ ਨਵਾਂ ਰੋਗਾਣੂ ਨਹੀਂ ਪਾਇਆ ਗਿਆ ਹੈ।
ਇਹ ਵੀ ਪੜ੍ਹੋ : ਮੋਹਾਲੀ : ਡਾਕਟਰ ਦੀ ਗੱਡੀ ਲੈ ਕੇ ਭੱਜੇ ਬ.ਦਮਾ.ਸ਼ਾਂ ਤੇ ਪੁਲਿਸ ਵਿਚਾਲੇ ਮੁਠ.ਭੇੜ, ਦੋਵੇਂ ਪਾਸਿਓਂ ਚੱਲੀਆਂ ਗੋ.ਲੀਆਂ
ਦੱਸ ਦੇਈਏ ਕਿ ਬੀਮਾਰੀ ਦੇ ਵਧਦੇ ਪ੍ਰਕੋਪ ਕਾਰਨ ਚੀਨ ਦੇ ਉੱਤਰੀ ਹਿੱਸੇ ਵਿਚ ਸਕੂਲਾਂ ਨੂੰ ਬੰਦ ਕਰਨਾ ਪਿਆ ਹੈ। ਚੀਨ ਦੇ ਸਿਹਤ ਕਮਿਸ਼ਨ ਨੇ ਕਿਹਾ ਕਿ ਰੋਗਾਣੂਆਂ ਦਾ ਸੁਮੇਲ ਗੰਭੀਰ ਸਾਹ ਦੀ ਲਾਗ ਵਿੱਚ ਵਾਧਾ ਦਾ ਕਾਰਨ ਬਣ ਰਿਹਾ ਹੈ। ਨੈਸ਼ਨਲ ਹੈਲਥ ਕਮਿਸ਼ਨ ਦੇ ਬੁਲਾਰੇ ਮੀ ਫੇਂਗ ਦਾ ਕਹਿਣਾ ਹੈ ਕਿ ਇਨਫਲੂਏਂਜ਼ਾ ਮਾਮਲਿਆਂ ਵਿੱਚ ਵਾਧੇ ਦਾ ਇੱਕ ਮੁੱਖ ਕਾਰਨ ਹੈ। ਉਸ ਦਾ ਕਹਿਣਾ ਹੈ ਕਿ ਰਾਈਨੋਵਾਇਰਸ, ਮਾਈਕੋਪਲਾਜ਼ਮਾ ਨਿਮੋਨੀਆ ਅਤੇ ਰੈਸਪੀਰੇਟਰੀ ਸਿੰਸੀਸ਼ੀਅਲ ਵਾਇਰਸ ਵੀ ਫੈਲ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ : –