ਅਮਰੀਕਾ ਦੇ ਓਕਲਾਹੋਮਾ ਵਿੱਚ ਬੁੱਧਵਾਰ ਨੂੰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਓਕਲਾਹੋਮਾ ਦੇ ਟੁਲਸਾ ਵਿੱਚ ਇੱਕ ਹਸਪਤਾਲ ਕੈਂਪਸ ਦੀ ਬਿਲਡਿੰਗ ਵਿੱਚ ਹੋਈ ਫਾਇਰਿੰਗ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜ਼ਖਮੀ ਹੋਏ ਹਨ। ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਟੈਕਸਾਸ ਵਿੱਚ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਸੀ, ਜਿਸ ਵਿੱਚ 19 ਵਿਦਿਆਰਥੀਆਂ ਸਣੇ 23 ਦੀ ਮੌਤ ਹੋ ਗਈ ਸੀ।
ਮਿਲੀ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਬੰਦੂਕ ਲੈ ਕੇ ਮੈਡੀਕਲ ਆਫਿਸ ਦੀ ਬਿਲਡਿੰਗ ਵਿੱਚ ਵੜ੍ਹਿਆ ਤੇ ਉਸਨੇ ਫਾਇਰਿੰਗ ਕਰ ਦਿੱਤੀ। ਜਿਸ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਹਮਲੇ ਤੋਂ ਬਾਅਦ ਹਮਲਾਵਰ ਨੇ ਆਪਣੀ ਵੀ ਜਾਨ ਲੈ ਲਈ। ਜਿਸ ਕਾਰਨ ਇਸ ਘਟਨਾ ਵਿੱਚ ਕੁੱਲ 5 ਲੋਕਾਂ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ: ਕਿਸਾਨ ਆਗੂ ਰਾਕੇਸ਼ ਟਿਕੈਤ ਪਹੁੰਚੇ ਮੂਸੇਵਾਲਾ ਦੇ ਘਰ, ਪਰਿਵਾਰ ਨਾਲ ਦੁੱਖ ਕੀਤਾ ਸਾਂਝਾ
ਪੁਲਿਸ ਨੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹਮਲਾਵਰ ਦੀ ਵੀ ਮੌਤ ਹੋ ਗਈ ਹੈ। ਹਾਲਾਂਕਿ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਹੁਣ ਤੱਕ ਇਹ ਸਪਸ਼ਟ ਨਹੀਂ ਹੈ ਕਿ ਹਮਲਾ ਕਿਉਂ ਕੀਤਾ ਗਿਆ ਅਤੇ ਹਮਲਾਵਰ ਕਿਵੇਂ ਮਾਰਿਆ ਗਿਆ। ਹਮਲੇ ਤੋਂ ਬਾਅਦ ਪੁਲਿਸ ਨੇ ਇਮਾਰਤ ਦੇ ਹਰ ਕਮਰੇ ਦੀ ਤਲਾਸ਼ੀ ਲਈ, ਤਾਂ ਜੋ ਕਿਸੇ ਸੰਭਵ ਖਤਰੇ ਨੂੰ ਟਾਲਿਆ ਕਾ ਸਕੇ। ਇਸ ਹਮਲੇ ਤੋਂ ਬਾਅਦ ਸੇਂਟ ਫਰਾਂਸਿਸ ਹੈਲਥ ਸਿਸਟਮ ਨੇ ਨਤਾਲੀ ਮੈਡੀਕਲ ਬਿਲਡਿੰਗ ਨੂੰ ਵੀ ਬੰਦ ਕਰ ਦਿੱਤਾ ਹੈ।
ਦੱਸ ਦੇਈਏ ਕਿ ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਮੰਗਲਵਾਰ ਨੂੰ ਨਿਊ ਆਰਲਿਯਨਸ ਵਿੱਚ ਇੱਕ ਹਾਈ ਸਕੂਲ ਗ੍ਰੇਜੁਏਸ਼ਨ ਸੈਰੇਮਨੀ ਵਿੱਚ ਗੋਲੀਬਾਰੀ ਤੋਂ ਬਾਅਦ ਇੱਕ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ ਸੀ ਅਤੇ 2 ਲੋਕ ਜ਼ਖਮੀ ਹੋਏ ਸਨ।
ਵੀਡੀਓ ਲਈ ਕਲਿੱਕ ਕਰੋ -: