Anti-Farm law activists deface: ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਵਿਰੋਧ ਪ੍ਰਦਰਸ਼ਨ ਦਾ ਪੜਾਅ ਵਿਦੇਸ਼ਾਂ ਵਿੱਚ ਵੀ ਜਾਰੀ ਹੈ, ਪਰ ਇਸਦਾ ਫਾਇਦਾ ਦੇਸ਼ ਵਿਰੋਧੀ ਸੰਸਥਾਵਾਂ ਵੀ ਲੈ ਰਹੀਆਂ ਹਨ । ਅਮਰੀਕਾ ਵਾਸ਼ਿੰਗਟਨ ਡੀ.ਸੀ. ਵਿੱਚ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨਾਂ ਨੇ ਭਾਰਤ ਵਿਰੋਧੀ ਰੂਪ ਲੈ ਲਿਆ ਹੈ। ਇੱਥੇ ਕੁਝ ਪ੍ਰਦਰਸ਼ਨਕਾਰੀਆਂ ਨੇ ਭਾਰਤੀ ਦੂਤਾਵਾਸ ਦੇ ਨੇੜੇ ਮਹਾਤਮਾ ਗਾਂਧੀ ਦੇ ਬੁੱਤ ‘ਤੇ ਰੰਗ ਪਾ ਦਿੱਤਾ ਅਤੇ ਉਸਦੀ ਭੰਨਤੋੜ ਕਰ ਦਿੱਤੀ । ਘਟਨਾ ਸਥਾਨ ‘ਤੇ ਖਾਲਿਸਤਾਨ ਦੇ ਝੰਡੇ ਵੀ ਦੇਖੇ ਗਏ।
ਇਸ ਸਬੰਧੀ ਭਾਰਤੀ ਦੂਤਾਵਾਸ ਵੱਲੋਂ ਮੈਟਰੋਪੋਲੀਟਨ ਅਤੇ ਨੈਸ਼ਨਲ ਪਾਰਕ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ । ਇਸ ਮਾਮਲੇ ਦੀ ਜਾਣਕਾਰੀ ਤੁਰੰਤ ਵਿਦੇਸ਼ ਵਿਭਾਗ ਨੂੰ ਦਿੱਤੀ ਗਈ, ਜਿਸ ਨੇ ਇਸ ਮੁੱਦੇ ‘ਤੇ ਭਾਰਤੀ ਰਾਜਦੂਤ ਨਾਲ ਵੀ ਗੱਲਬਾਤ ਕੀਤੀ । ਡਿਪਟੀ ਸੇਕ੍ਰੇਟਰੀ ਆਫ਼ ਸਟੇਟ ਸਟੀਫਨ ਬੀਗਨ ਨੇ ਵੀ ਇਸ ਘਟਨਾ ਲਈ ਮੁਆਫੀ ਮੰਗੀ ਹੈ । ਬੀਗਨ ਨੇ ਹੀ ਮਹੀਨਾ ਪਹਿਲਾਂ ਭਾਰਤੀ ਤਰਨਜੀਤ ਸਿੰਘ ਸੰਧੂ ਦੇ ਨਾਲ ਇਸ ਬੁੱਤ ਦਾ ਉਦਘਾਟਨ ਕੀਤਾ ਸੀ।
ਇਸ ਬਾਰੇ ਦੂਤਾਵਾਸ ਨੇ ਕਿਹਾ, “ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਕੋਲ ਸਖਤ ਵਿਰੋਧ ਜਤਾਇਆ ਗਿਆ ਹੈ ਅਤੇ ਅਮਰੀਕੀ ਵਿਦੇਸ਼ ਵਿਭਾਗ ਦੇ ਨਾਲ ਇਸ ਮਾਮਲੇ ਦੀ ਛੇਤੀ ਜਾਂਚ ਕਰਾਉਣ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।”
ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਆਯੋਜਿਤ ਇੱਕ ਵਿਰੋਧ ਪ੍ਰਦਰਸ਼ਨ ਵਿੱਚ ਖਾਲਿਸਤਾਨੀ ਝੰਡੇ ਵੀ ਵੇਖੇ ਗਏ ਸਨ, ਜਿੱਥੇ ਪ੍ਰਦਰਸ਼ਨਕਾਰੀਆਂ ਨੇ ਭਾਰਤ ਵਿਰੋਧੀ ਨਾਅਰੇਬਾਜ਼ੀ ਕੀਤੀ ਸੀ । ਜ਼ਿਕਰਯੋਗ ਹੈ ਕਿ ਇਸ ਬੁੱਤ ਦਾ ਉਦਘਾਟਨ ਸਾਬਕਾ ਭਾਰਤੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ 16 ਸਤੰਬਰ 2000 ਨੂੰ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੀ ਮੌਜੂਦਗੀ ਵਿੱਚ ਆਪਣੀ ਅਮਰੀਕਾ ਦੌਰੇ ਦੌਰਾਨ ਕੀਤਾ ਗਿਆ ਸੀ ।