Argentina to tax the super rich: ਪੂਰੇ ਵਿਸ਼ਵ ਫੈਲੀ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਅਰਜਨਟੀਨਾ ਨੇ ਅਮੀਰ ਲੋਕਾਂ ‘ਤੇ ਵਾਧੂ ਟੈਕਸ ਲਗਾਉਣ ਦਾ ਫੈਸਲਾ ਕੀਤਾ ਹੈ । 17.7 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਵਾਲੇ ਲੋਕਾਂ ਨੂੰ ਨਵਾਂ ਟੈਕਸ ਦੇਣਾ ਪਵੇਗਾ। ਇੱਕ ਰਿਪੋਰਟ ਅਨੁਸਾਰ ਦੇਸ਼ ਵਿੱਚ ਅਜਿਹੇ ਲੋਕਾਂ ਦੀ ਗਿਣਤੀ 12 ਹਜ਼ਾਰ ਦੇ ਕਰੀਬ ਹੈ । ਕੋਰੋਨਾ ਵਾਇਰਸ ਮਹਾਂਮਾਰੀ ਨਾਲ ਲੜਨ ਅਤੇ ਗਰੀਬਾਂ ਦੀ ਮਦਦ ਕਰਨ ‘ਤੇ ਟੈਕਸ ਨਾਲ ਵਸੂਲੇ ਗਏ ਪੈਸੇ ਖਰਚ ਕੀਤੇ ਜਾਣਗੇ।
ਦਰਅਸਲ, ਅਰਜਨਟੀਨਾ ਦੀ ਸੀਨੇਟ ਨੇ ਸ਼ੁੱਕਰਵਾਰ ਨੂੰ ਨਵੇਂ ਟੈਕਸ ਸਬੰਧੀ ਬਿਲ ਨੂੰ ਮਨਜ਼ੂਰੀ ਦੇ ਦਿੱਤੀ ਹੈ । ਬਿੱਲ ਦਾ ਉਦੇਸ਼ ਸਰਕਾਰ ਦੇ ਮਾਲੀਏ ਨੂੰ ਵਧਾਉਣਾ ਹੈ । ਲਾਕਡਾਊਨ ਕਾਰਨ ਹੋਰ ਦੇਸ਼ਾਂ ਦੀ ਤਰ੍ਹਾਂ ਅਰਜਨਟੀਨਾ ਨੂੰ ਵੀ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ।
ਸੰਸਦ ਵਿੱਚ ਪਾਸ ਹੋਏ ਬਿੱਲ ਦੇ ਅਨੁਸਾਰ ਅਮੀਰ ਲੋਕਾਂ ਨੂੰ ਸਿਰਫ ਇੱਕ ਵਾਰ ਹੀ ਵਾਧੂ ਟੈਕਸ ਦੇਣਾ ਪਵੇਗਾ । ਸੰਸਦ ਮੈਂਬਰ ਕਾਰਲੋਜ ਕੈਸਾਰੀਓ ਨੇ ਕਿਹਾ ਕਿ ਅਸੀਂ ਇਸ ਮਹਾਂਮਾਰੀ ਤੋਂ ਬਾਹਰ ਆ ਰਹੇ ਹਾਂ, ਜਿਵੇਂ ਕਿ ਦੇਸ਼ ਵਿਸ਼ਵ ਯੁੱਧ ਤੋਂ ਬਾਹਰ ਆਉਂਦੇ ਹਨ, ਹਜ਼ਾਰਾਂ ਮੌਤਾਂ ਹੋ ਚੁੱਕੀਆਂ ਹੁੰਦੀਆਂ ਹਨ ਅਤੇ ਆਰਥਿਕਤਾ ਵੀ ਕਾਫ਼ੀ ਬਰਬਾਦ ਹੋ ਜਾਂਦੀ ਹੈ।
ਦੱਸ ਦੇਈਏ ਕਿ ਇਸ ਨਵੇਂ ਕਾਨੂੰਨ ਦੇ ਤਹਿਤ ਅਮੀਰ ਲੋਕਾਂ ਨੂੰ ਆਪਣੀ ਜਾਇਦਾਦ ‘ਤੇ ਇੱਕ ਪ੍ਰਤੀਸ਼ਤ ਤੋਂ 3 ਪ੍ਰਤੀਸ਼ਤ ਤੱਕ ਟੈਕਸ ਦੇ ਰੂਪ ਵਿੱਚ ਦੇਣਾ ਪਵੇਗਾ। ਜੇ ਅਮੀਰ ਲੋਕਾਂ ਨੇ ਆਪਣਾ ਪੈਸਾ ਵਿਦੇਸ਼ ਵਿੱਚ ਜਮ੍ਹਾ ਕਰ ਲਿਆ ਹੈ ਤਾਂ ਉਨ੍ਹਾਂ ‘ਤੇ ਵੀ 50 ਪ੍ਰਤੀਸ਼ਤ ਦਾ ਸਰਚਾਰਜ ਲਗਾਇਆ ਜਾਵੇਗਾ । ਸਾਢੇ ਚਾਰ ਕਰੋੜ ਦੀ ਅਬਾਦੀ ਵਾਲੇ ਦੇਸ਼ ਅਰਜਨਟੀਨਾ ਵਿੱਚ ਹੁਣ ਤੱਕ 14.5 ਲੱਖ ਤੋਂ ਵੱਧ ਕੋਰੋਨ ਦੇ ਮਾਮਲੇ ਸਾਹਮਣੇ ਆਏ ਹਨ ਅਤੇ 39 ਹਜ਼ਾਰ ਤੋਂ ਵੱਧ ਲੋਕ ਮੌਤਾਂ ਹੋ ਚੁੱਕੀਆਂ ਹਨ।