AstraZeneca UK vaccine trial: ਦੁਨੀਆ ਭਰ ਵਿੱਚ ਵੱਧ ਰਹੇ ਕੋਰੋਨਾ ਵਾਇਰਸ ਸੰਕਰਮਣ ਤੋਂ ਬਚਾਅ ਲਈ ਬੱਚਿਆਂ ਨੂੰ ਵੈਕਸੀਨ ਲਗਾਉਣ ਦੀ ਤਿਆਰੀ ਹੋ ਰਹੀ ਹੈ। ਇਸੇ ਵਿਚਾਲੇ AstraZeneca ਵੈਕਸੀਨ ਦਾ ਬੱਚਿਆਂ ‘ਤੇ ਹੋਣ ਵਾਲਾ ਟ੍ਰਾਇਲ ਰੋਕ ਦਿੱਤਾ ਗਿਆ ਹੈ। ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ । ਇਹ ਫੈਸਲਾ ਵੈਕਸੀਨ ਲੈਣ ਵਾਲਿਆਂ ਵਿੱਚ ਖੂਨ ਦੇ ਜੰਮਣ ਦੀ ਸਮੱਸਿਆ ਤੋਂ ਬਾਅਦ ਲਿਆ ਗਿਆ ਹੈ।
ਇਸ ਵੈਕਸੀਨ ਨੂੰ ਵਿਕਸਿਤ ਕਰਨ ਵਿੱਚ ਮਦਦ ਕਰਨ ਵਾਲੀ ਆਕਸਫੋਰਡ ਯੂਨੀਵਰਸਿਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਟ੍ਰਾਇਲ ਵਿੱਚ ਸੁਰੱਖਿਆ ਨੂੰ ਲੈ ਕੇ ਕੋਈ ਚਿੰਤਾ ਨਹੀਂ ਹੈ। ਪਰ ਖੂਨ ਜੰਮਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਯੂਨੀਵਰਸਿਟੀ ਨੇ ਕਿਹਾ ਹੈ ਕਿ ਉਹ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਯੂਕੇ ਦੀ ਮੈਡੀਸਨਜ਼ ਐਂਡ ਹੈਲਥਕੇਅਰ ਪ੍ਰੋਡਕਟਸ ਰੈਗੂਲੇਟਰੀ ਏਜੰਸੀ (MHRA) ਤੋਂ ਵਾਧੂ ਅੰਕੜਿਆਂ ਦੀ ਉਡੀਕ ਕਰੇਗੀ । ਯੂਨੀਵਰਸਿਟੀ ਨੇ ਕਿਹਾ, “ਮਾਪਿਆਂ ਅਤੇ ਬੱਚਿਆਂ ਨੂੰ ਨਿਯਮਿਤ ਸਮੇਂ ‘ਤੇ ਜਾਣਾ ਚਾਹੀਦਾ ਹੈ ਅਤੇ ਜੇ ਉਨ੍ਹਾਂ ਦੇ ਮਨ ਵਿੱਚ ਕੋਈ ਪ੍ਰਸ਼ਨ ਹੈ, ਤਾਂ ਉਹ ਟ੍ਰਾਇਲ ਸਾਈਟਾਂ ‘ਤੇ ਸੰਪਰਕ ਕਰ ਸਕਦੇ ਹਨ।”
ਜ਼ਿਕਰਯੋਗ ਹੈ ਕਿ ਐਸਟਰਾਜ਼ੇਨੇਕਾ ਦੀ ਇਹ ਵੈਕਸੀਨ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਵਿਵਾਦਾਂ ਵਿੱਚ ਬਣੀ ਹੋਈ ਹੈ। ਇਸ ਤੋਂ ਪਹਿਲਾਂ ਕਈ ਯੂਰਪੀਅਨ ਦੇਸ਼ਾਂ ਨੇ ਇਸ ‘ਤੇ ਆਰਜ਼ੀ ਪਾਬੰਦੀ ਲਗਾ ਦਿੱਤੀ ਸੀ। MHRA ਦੁਨੀਆ ਦੀਆਂ ਪ੍ਰਮੁੱਖ ਸੰਸਥਾਵਾਂ ਵਿੱਚੋਂ ਇੱਕ ਹੈ, ਜੋ AstraZeneca ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰ ਰਿਹਾ ਹੈ। ਉਹ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਖੂਨ ਦੇ ਜੰਮਣ ਅਤੇ ਟੀਕੇ ਦੀ ਖੁਰਾਕ ਵਿਚ ਕੋਈ ਸੰਬੰਧ ਹੈ ਜਾਂ ਨਹੀਂ । ਅਜਿਹੇ ਤਰ੍ਹਾਂ ਦੇ ਮਾਮਲੇ ਨਾਰਵੇ ਸਮੇਤ ਯੂਰਪ ਦੇ ਕਈ ਦੇਸ਼ਾਂ ਵਿੱਚ ਸਾਹਮਣੇ ਆਏ ਸਨ। MHRA ਅਨੁਸਾਰ ਬ੍ਰਿਟੇਨ ਵਿੱਚ ਪਹਿਲਾਂ ਵੈਕਸੀਨ ਲੈਣ ਤੋਂ ਬਾਅਦ ਖੂਨ ਜੰਮਣ ਦੀ ਸਮੱਸਿਆ ਦੇ 30 ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ ਵਿੱਚੋਂ 7 ਲੋਕਾਂ ਦੀ ਮੌਤ ਹੋ ਗਈ ।
ਦੱਸ ਦੇਈਏ ਕਿ ਉੱਥੇ ਹੀ ਦੂਜੇ ਪਾਸੇ ਇਸ ਮਾਮਲੇ ਵਿੱਚ ਯੂਰਪੀਅਨ ਮੈਡੀਸਨ ਏਜੰਸੀ (EMA) ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਹ ਹਾਲੇ ਤੱਕ ਕਿਸੇ ਸਿੱਟੇ ‘ਤੇ ਨਹੀਂ ਪਹੁੰਚੀ ਹੈ ਅਤੇ ਇਸਦੀ ਸਮੀਖਿਆ ਅਜੇ ਵੀ ਜਾਰੀ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਜਰਮਨੀ ਨੇ 60 ਸਾਲ ਤੋਂ ਘੱਟ ਉਮਰ ਦੇ ਲੋਕਾਂ ਅਤੇ ਫਰਾਂਸ ਨੇ 55 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਵੈਕਸੀਨ ਦੇਣ ‘ਤੇ ਪਾਬੰਦੀ ਲਗਾ ਦਿੱਤੀ ਸੀ ।