ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣੀ ਮਿਹਨਤ ਨਾਲ ਕੰਮ ਕਰ ਕੇ ਬੁਲੰਦੀਆਂ ਹਾਸਿਲ ਕਰ ਲੈਂਦੇ ਹਨ। ਪਿਛਲੇ ਕੁਝ ਦਿਨਾਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਹਨ, ਜਿੱਥੇ ਕਈ ਭਾਰਤੀਆਂ ਅਤੇ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਜਾ ਕੇ ਝੰਡੇ ਗੱਡੇ ਹਨ।
ਅਜਿਹੀ ਹੀ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਜਲੰਧਰ ਦਾ ਨੌਜਵਾਨ ਆਸਟ੍ਰੇਲੀਆ ਵਿੱਚ ਪਹਿਲਾ ਭਾਰਤੀ ਜੱਜ ਬਣਿਆ ਹੈ । ਦਰਅਸਲ, ਜਲੰਧਰ ਦੇ ਕੋਟ ਕਲਾਂ ਪਿੰਡ ਦੇ ਪ੍ਰਦੀਪ ਸਿੰਘ ਟਿਵਾਣਾ ਆਸਟ੍ਰੇਲੀਆ ਵਿੱਚ ਜੱਜ ਵਜੋਂ ਨਿਯੁਕਤ ਹੋਣ ਵਾਲੇ ਪਹਿਲੇ ਭਾਰਤੀ ਬਣੇ ਹਨ । ਉਨ੍ਹਾਂ ਨੂੰ ਆਸਟ੍ਰੇਲੀਆ ਦੇ ਵਿਕਟੋਰੀਆ ਦੀ ਕੰਟਰੀ ਕੋਰਟ ਵਿੱਚ ਜੱਜ ਨਿਯੁਕਤ ਕੀਤਾ ਗਿਆ ਹੈ ।
ਜਦੋਂ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਉਨ੍ਹਾਂ ਦੀ ਨਿਯੁਕਤੀ ਬਾਰੇ ਪਤਾ ਲੱਗਿਆ ਤਾਂ ਲੋਕਾਂ ਨੇ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਕਿਹਾ ਕਿ ਪ੍ਰਦੀਪ ਟਿਵਾਣਾ ਨੇ ਜਲੰਧਰ ਦਾ ਨਾਮ ਮਾਣ ਨਾਲ ਉੱਚਾ ਕਰ ਦਿੱਤਾ ਹੈ। । ਹਾਲਾਂਕਿ, ਟਿਵਾਨਾ ਦਾ ਜਨਮ UK ਵਿੱਚ ਹੋਇਆ ਹੈ, ਪਰ ਉਹ ਹਮੇਸ਼ਾਂ ਹੀ ਪੰਜਾਬ ਦੀ ਮਿੱਟੀ ਨਾਲ ਜੁੜੇ ਰਹੇ ਹਨ।
ਇਸ ਸਬੰਧੀ ਪਿੰਡ ਦੇ ਰਹਿਣ ਵਾਲੇ ਪਰਮਜੀਤ ਸਿੰਘ ਰਾਏਪੁਰ ਨੇ ਦੱਸਿਆ ਕਿ ਪਰਦੀਪ ਸਿੰਘ ਟਿਵਾਣਾ ਦੇ ਮਾਪਿਆਂ ਨਾਲ ਉਨ੍ਹਾਂ ਦੇ ਪਰਿਵਾਰਕ ਸਬੰਧ ਹਨ । ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਮਾਣ ਤੇ ਖੁਸ਼ੀ ਦੀ ਗੱਲ ਹੈ ਕਿ ਜਲੰਧਰ ਦੇ ਨੌਜਵਾਨ ਨੂੰ ਆਸਟ੍ਰੇਲੀਆ ਵਿੱਚ ਪਹਿਲੇ ਭਾਰਤੀ ਜੱਜ ਬਣਨ ਦਾ ਮੁਕਾਮ ਹਾਸਿਲ ਹੋਇਆ ਹੈ।