Australia Kirpan banned: ਆਸਟ੍ਰੇਲੀਆ ਦੇ ਮੁੱਖ ਸੂਬੇ ਨਿਊ ਸਾਊਥ ਵੇਲਜ਼ ਦੇ ਸਰਕਾਰੀ ਸਕੂਲਾਂ ਵਿੱਚ ਕਿਰਪਾਨ ਪਹਿਨਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ । ਜਿਸ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਕਾਫ਼ੀ ਨਰਾਜ਼ਗੀ ਹੈ।
ਇਸ ਸਬੰਧੀ ਸੂਬੇ ਦੀ ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਕਦਮ ਸਕੂਲ ਦੇ ਵਿਦਿਆਰਥੀਆਂ ਤੇ ਸਟਾਫ਼ ਦੀ ਸੁਰੱਖਿਆ ਨੂੰ ਲੈ ਕੇ ਚੁੱਕਿਆ ਗਿਆ ਹੈ । ਇਸ ਸਰਕਾਰੀ ਹੁਕਮ ਤੋਂ ਬਾਅਦ ਭਾਈਚਾਰਕ ਮੈਂਬਰਾਂ ਵਿੱਚ ਬਹੁਤ ਨਰਾਜ਼ਗੀ ਹੈ। ਸਿੱਖ ਹਲਕਿਆਂ ਵੱਲੋਂ ਸਰਕਾਰ ਦੇ ਇਸ ਫੈਸਲੇ ਨੂੰ ਕਾਹਲੀ ਵਿੱਚ ਲਿਆ ਗਿਆ ਫ਼ੈਸਲਾ ਦੱਸਿਆ ਹੈ ।
ਮਿਲੀ ਜਾਣਕਾਰੀ ਅਨੁਸਾਰ ਸਿਡਨੀ ਦੇ ਗਲੇਨਵੁੱਡ ਹਾਈ ਸਕੂਲ ਵਿਖੇ 6 ਮਈ ਨੂੰ ਵਿਦਿਆਰਥੀਆਂ ਦੀ ਲੜਾਈ ਹੋ ਗਈ ਸੀ, ਜਿਸ ਵਿੱਚ ਇੱਕ 16 ਸਾਲਾਂ ਵਿਦਿਆਰਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ । ਦੱਸਿਆ ਜਾ ਰਿਹਾ ਹੈ ਕਿ ਇਸ ਲੜਾਈ ਵਿੱਚ ਇੱਕ ਵਿਦਿਆਰਥੀ ਨੇ ਉਸਨੂੰ ਦੋ ਵਾਰ ਕਿਰਪਾਨ ਮਾਰੀ ਸੀ ।
ਇਸ ਬਾਰੇ ਮੰਗਲਵਾਰ ਨੂੰ ਮਿਸ਼ੇਲ ਨੇ ਕਿਹਾ ਕਿ ਸਿੱਖਿਆ ਵਿਭਾਗ ਜਨਤਕ ਸਕੂਲਾਂ ਦੇ ਵਿਦਿਆਰਥੀਆਂ, ਸਟਾਫ ਅਤੇ ਯਾਤਰੀਆਂ ਨੂੰ ਸਕੂਲ ਦੇ ਮੈਦਾਨਾਂ ਤੇ ਧਾਰਮਿਕ ਉਦੇਸ਼ ਲਈ ਚਾਕੂ ਲਿਜਾਣ ‘ਤੇ ਪਾਬੰਦੀ ਲਗਾਉਣ ਬਾਰੇ ਸਲਾਹ ਜਾਰੀ ਕਰੇਗਾ, ਜੋ ਕਿ ਬੁੱਧਵਾਰ ਤੋਂ ਲਾਗੂ ਹੋਵੇਗੀ । ਉਨ੍ਹਾਂ ਕਿਹਾ ਕਿ NSW ਦੇ ਪਬਲਿਕ ਸਕੂਲਾਂ ਵਿੱਚ ਵਿਦਿਆਰਥੀਆਂ ਅਤੇ ਸਟਾਫ ਦੀ ਜ਼ਿੰਮੇਵਾਰੀ ਮੇਰੀ ਬਣਦੀ ਹੈ ਕਿ ਉਹ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ।
ਇਸ ਤੋਂ ਅੱਗੇ ਉਨ੍ਹਾਂ ਨੇ ਕਿਹਾ ਕਿ NSW ਦੇ ਪਬਲਿਕ ਸਕੂਲਾਂ ਵਿੱਚ ਇਹ ਪਾਬੰਦੀ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਇਸਦੀ ਸਮੀਖਿਆ ਕੀਤੀ ਜਾਵੇਗੀ । ਮਿਸ਼ੇਲ ਨੇ ਕਿਹਾ ਕਿ ਉਨ੍ਹਾਂ ਨੇ ਸਿੱਖ ਭਾਈਚਾਰੇ ਨਾਲ ਇਸ ਫ਼ੈਸਲੇ ਬਾਰੇ ਗੱਲ ਕੀਤੀ ਸੀ ਅਤੇ ਉਹ ਉਨ੍ਹਾਂ ਨਾਲ ਕੰਮ ਕਰਨਾ ਜਾਰੀ ਰੱਖੇਗੀ।
ਦੱਸ ਦੇਈਏ ਕਿ ਆਸਟ੍ਰੇਲੀਆ ਦਾ ਸਿੱਖ ਭਾਈਚਾਰਾ ਸਰਕਾਰ ਦੇ ਇਸ ਫੈਸਲੇ ਤੋਂ ਖੁਸ਼ ਨਹੀਂ ਹੈ। ਇਸ ਬਾਰੇ ਆਸਟ੍ਰੇਲੀਆ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਰਬਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਸਿੱਖ ਸਦੀਆਂ ਤੋਂ ਧਾਰਮਿਕ ਚਿੰਨ੍ਹ ਵਜੋਂ ਕਿਰਪਾਨ ਪਹਿਨ ਰਹੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਗਲੇਨਵੁੱਡ ਹਾਈ ਸਕੂਲ ਦੀ ਘਟਨਾ ਮੰਦਭਾਗੀ ਹੈ ਪਰ ਇਹ ਧੱਕੇਸ਼ਾਹੀ ਦਾ ਕਾਰਨ ਵੀ ਹੋ ਸਕਦਾ ਹੈ ਜਿਸਨੇ ਇੱਕ ਬੱਚੇ ਨੂੰ ਉਸਦੇ ਜਮਾਤੀ ‘ਤੇ ਹਮਲਾ ਕਰਨ ਲਈ ਉਕਸਾਇਆ ਹੋਵੇ ।