Australia sends 1000 ventilators: ਭਾਰਤ ਵਿੱਚ ਕੋਰੋਨਾ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ । ਜਿਸ ਕਾਰਨ ਕੋਰੋਨਾ ਮਾਮਲਿਆਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਕੋਰੋਨਾ ਦੇ ਮਾਮਲਿਆਂ ਵਿੱਚ ਹੋ ਰਹੇ ਭਾਰੀ ਇਜ਼ਾਫ਼ੇ ਕਾਰਨ ਦੇਸ਼ ਵਿੱਚ ਸਿਹਤ ਸਹੂਲਤਾਂ ਦੀ ਕਮੀ ਹੋ ਰਹੀ ਹੈ। ਦੇਸ਼ ਦੇ ਕੁਝ ਰਾਜਾਂ ਵਿੱਚ ਕੋਰੋਨਾ ਦੇ ਮਾਮਲੇ ਇੰਨੇ ਜ਼ਿਆਦਾ ਵੱਧ ਰਹੇ ਹਨ ਜਿਸ ਕਾਰਨ ਹਸਪਤਾਲਾਂ ਵਿੱਚ ਬੈੱਡਾਂ ਤੇ ਆਕਸੀਜਨ ਦੀ ਕਮੀ ਹੋ ਰਹੀ ਹੈ। ਜਿਸਦੇ ਮੱਦੇਨਜ਼ਰ ਭਾਰਤ ਵਿੱਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਭਾਰਤ ਵਿੱਚ ਕੋਰੋਨਾ ਕਾਰਨ ਵਿਗੜੇ ਹਾਲਾਤਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ ਮਦਦ ਲਈ ਅੱਗੇ ਆ ਰਹੇ ਹਨ। ਇਸੇ ਵਿਚਾਲੇ ਆਸਟ੍ਰੇਲੀਆ ਵੱਲੋਂ ਵੀ ਹੁਣ ਸਿਹਤ ਸਹੂਲਤਾਂ ਲਈ ਮਦਦ ਭੇਜੀ ਗਈ ਹੈ। ਜਿਸ ਬਾਰੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਆਸਟ੍ਰੇਲੀਆ ਭਾਰਤ ਵਿੱਚ ਸਾਡੇ ਚੰਗੇ ਮਿੱਤਰਾਂ ਦਾ ਸਮਰਥਨ ਕਰਨ ਲਈ ਕਦਮ ਵਧਾ ਰਿਹਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਭਾਰਤ ਸਰਕਾਰ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਅੱਜ ਸਵੇਰੇ ਇੱਕ ਬੋਇੰਗ 787 ਡ੍ਰੀਮਲਾਈਨਰ ਸਿਡਨੀ ਏਅਰਪੋਰਟ ਤੋਂ ਰਵਾਨਾ ਕੀਤਾ ਗਿਆ ਹੈ। ਇਹ ਬੋਇੰਗ ਭਾਰਤ ਲਈ ਮੈਡੀਕਲ ਸਪਲਾਈ ਲੈ ਕੇ ਆਇਆ ਹੈ। ਉਨ੍ਹਾਂ ਦੱਸਿਆ ਕਿ ਇਸ ਮੈਡੀਕਲ ਸਪਲਾਈ ਵਿੱਚ 1000 ਤੋਂ ਵੱਧ ਵੈਂਟੀਲੇਟਰ, ਆਕਸੀਜਨ ਕੰਸਨਟ੍ਰੇਟਰ ਅਤੇ ਹੋਰ ਸਮਾਨ ਸ਼ਾਮਿਲ ਹੈ ।
ਦੱਸ ਦੇਈਏ ਕਿ ਭਾਰਤ ਵਿੱਚ ਕੋਰੋਨਾ ਨਾਲ ਵਿਗੜੇ ਹਾਲਾਤਾਂ ਵਿਚਾਲੇ ਆਸਟ੍ਰੇਲੀਆ ਵੱਲੋਂ ਮਦਦ ਲਈ ਭੇਜਿਆ ਗਿਆ ਇਹ ਪਹਿਲਾ ਪੈਕੇਜ ਹੈ। ਆਸਟ੍ਰੇਲੀਆ ਦੇ PM ਦਾ ਕਹਿਣਾ ਹੈ ਕਿ ਇਸ ਮੁਸ਼ਕਿਲ ਸਮੇਂ ਵਿੱਚ ਜ਼ਰੂਰਤਾਂ ਪੂਰੀਆਂ ਕਰਨ ਲਈ ਭਾਰਤ ਨਾਲ ਸਾਂਝੇਦਾਰੀ ਵਿੱਚ ਜਿੰਨੀ ਜਲਦੀ ਹੋ ਸਕੇ ਕੰਮ ਕਰ ਰਹੇ ਹਾਂ । ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਡਾਕਟਰੀ ਸਪਲਾਈ ਅਤੇ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਵਾਲੇ ਆਪਣੇ ਭਾਰਤੀ ਦੋਸਤਾਂ ਨਾਲ ਹਮੇਸ਼ਾ ਖੜ੍ਹਾ ਰਹੇਗਾ।