Bangladesh teen held: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਮਜ਼ਾਕ ਉਡਾਉਣ ਦੇ ਦੋਸ਼ ਵਿੱਚ ਇੱਕ 19 ਸਾਲਾਂ ਲੜਕੀ ਰਬੀਉਲ ਇਸਲਾਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਬੰਗਲਾਦੇਸ਼ ਪੁਲਿਸ ਨੇ ਬੁੱਧਵਾਰ ਨੂੰ ਇਹ ਕਾਰਵਾਈ ਸਰਕਾਰ ਦੇ ਹਮਾਇਤੀ ਨੌਜਵਾਨ ਨੇਤਾ ਦੀ ਸ਼ਿਕਾਇਤ ‘ਤੇ ਕੀਤੀ । ਰਬੀਉਲ ਨੂੰ ਡਿਜੀਟਲ ਸੁਰੱਖਿਆ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ।
ਇਸ ਸਬੰਧੀ ਸਥਾਨਕ ਪੁਲਿਸ ਮੁਖੀ ਅਬਦੁੱਲਾ ਅਲ-ਮਮੂਨ ਦਾ ਕਹਿਣਾ ਹੈ ਕਿ ਰਬੀਉਲ ਨੇ ਆਪਣੇ ਫੇਸਬੁੱਕ ਟਾਈਮਲਾਈਨ ‘ਤੇ ਇਤਰਾਜ਼ਯੋਗ ਸੰਗੀਤ ਦੀ ਵੀਡੀਓ ਪਾਈ ਸੀ। ਇਸ ਵਿੱਚ ਉਸਨੇ ਮੋਦੀ ਅਤੇ ਸ਼ੇਖ ਹਸੀਨਾ ਦੀਆਂ ਫੋਟੋਆਂ ਵੀ ਵਰਤੀਆਂ । ਗੌਰਤਲਬ ਹੈ ਕਿ ਹਾਲ ਹੀ ਵਿੱਚ ਪੀਐੱਮ ਬੰਗਲਾਦੇਸ਼ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਦੇ ਯਾਦਗਾਰ ਵਜੋਂ ਦੌਰਾ ਕੀਤਾ ਸੀ। ਕੱਟੜਪੰਥੀਆਂ ਲੋਕਾਂ ਨੇ ਉਨ੍ਹਾਂ ਦੀ ਯਾਤਰਾ ਦਾ ਵਿਰੋਧ ਕੀਤਾ ਸੀ। ਇਸ ਵਿਚ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ । ਕੱਟੜਪੰਥੀਆਂ ਦਾ ਦੋਸ਼ ਹੈ ਕਿ ਮੋਦੀ ਭਾਰਤ ਦੀਆਂ ਮੁਸਲਿਮ ਘੱਟ ਗਿਣਤੀਆਂ ਪ੍ਰਤੀ ਪੱਖਪਾਤ ਕਰ ਰਹੇ ਹਨ।
ਉੱਥੇ ਹੀ ਦੂਜੇ ਪਾਸੇ ਢਾਕਾ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਰਬੀਉਲ ਖ਼ਿਲਾਫ਼ ਸਰਕਾਰ ਦੇ ਅਕਸ ਨੂੰ ਵਿਗਾੜਨ ਦੀ ਧਾਰਾ ਤਹਿਤ ਕਾਰਵਾਈ ਕੀਤੀ ਜਾਵੇਗੀ । ਇਸ ਵਿੱਚ ਉਸਨੂੰ 14 ਸਾਲ ਦੀ ਸਜਾ ਹੋ ਸਕਦੀ ਹੈ । ਬੰਗਲਾਦੇਸ਼ ਦੇ 2018 ਡਿਜੀਟਲ ਐਕਟ ਦੇ ਤਹਿਤ 14 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਬਿਨ੍ਹਾਂ ਵਾਰੰਟ ਤੋਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਸ ਦੇ ਤਹਿਤ ਸੈਂਕੜੇ ਲੋਕ ਸਰਕਾਰ ਦੀ ਆਲੋਚਨਾ ‘ਤੇ ਫੜ੍ਹੇ ਜਾ ਚੁੱਕੇ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਲੇਖਕ ਮੁਸ਼ਤਾਕ ਅਹਿਮਦ ਨੂੰ ਪਿਛਲੇ ਸਾਲ ਮਈ ਵਿੱਚ ਸੋਸ਼ਲ ਮੀਡੀਆ ‘ਤੇ ਟਿੱਪਣੀ ਕਰਨ ਨੂੰ ਲੈ ਕੇ ਗ੍ਰਿਫਤਾਰ ਕੀਤਾ ਗਿਆ ਸੀ । ਫਰਵਰੀ ਵਿੱਚ ਉਸਦੀ ਜੇਲ੍ਹ ਵਿੱਚ ਮੌਤ ਹੋ ਗਈ ਸੀ ।