Barack obama condemns : ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰਿਪਬਲਿਕਨ ਸੰਸਦ ਮੈਂਬਰਾਂ ਨੂੰ ਅਮਰੀਕੀ ਕਾਂਗਰਸ ‘ਤੇ ਹਮਲੇ ਲਈ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੇ ਇਸ ਘਟਨਾ ਨੂੰ ”ਦੇਸ਼ ਲਈ ਅਪਮਾਨ ਅਤੇ ਸ਼ਰਮ ਦੇ ਪਲ ” ਦੱਸਿਆ। ਉਨ੍ਹਾਂ ਨੇ ਕਿਹਾ ਕਿ ‘ਪਰ ਜੇ ਅਸੀਂ ਕਹਾਂਗੇ ਕਿ ਇਹ ਬਹੁਤ ਅਚਾਨਕ ਵਾਪਰੀ ਘਟਨਾ ਹੈ, ਤਾਂ ਅਸੀਂ ਖੁਦ ਨਾਲ ਮਜਾਕ ਕਰ ਰਹੇ ਹੋਵਾਂਗੇ।’ ਉਨ੍ਹਾਂ ਕਿਹਾ ਕਿ ਇਸ ਹਿੰਸਾ ਨੂੰ ਟਰੰਪ ਨੇ ‘ਭੜਕਾਇਆ’ ਹੈ, ਜੋ ‘ਕਾਨੂੰਨੀ ਚੋਣਾਂ ਬਾਰੇ ਨਿਰੰਤਰ ਅਧਾਰਹੀਣ ਝੂਠ ਫੈਲਾ ਰਹੇ ਹਨ।
ਓਬਾਮਾ ਨੇ ਰਿਪਬਲੀਕਨ ਪਾਰਟੀ ਅਤੇ ਇਸ ਦੇ ਮੀਡੀਆ ਸਮਰਥਕਾਂ ‘ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਚੋਣਾਂ ਵਿੱਚ ਬਿਡੇਨ ਦੀ ਜਿੱਤ ਬਾਰੇ “ਬਹੁਤੇ ਮੌਕਿਆਂ ‘ਤੇ ਆਪਣੇ ਸਮਰਥਕਾਂ ਤੋਂ ਸੱਚਾਈ ਨੂੰ ਲੁਕਾਇਆ ਸੀ।” ਇੱਕ ਬਿਆਨ ਵਿੱਚ, ਓਬਾਮਾ ਨੇ ਕਿਹਾ ਕਿ “ਅਸੀਂ ਇਸ ਦਾ ਨਤੀਜਾ ਹਿੰਸਾ ਵਿੱਚ ਵੇਖ ਰਹੇ ਹਾਂ।” ਅਮਰੀਕਾ ਵਿੱਚ ਬੇਸ਼ੱਕ ਰਾਸ਼ਟਰਪਤੀ ਚੋਣਾਂ ਖ਼ਤਮ ਹੋ ਗਈਆਂ ਹਨ, ਪਰ ਸੱਤਾ ਦੇ ਤਬਾਦਲੇ ਨੂੰ ਲੈ ਕੇ ਅਜੇ ਤੱਕ ਲੜਾਈ ਜਾਰੀ ਹੈ। ਚੋਣ ਨਤੀਜਿਆਂ ਨੂੰ ਲੈ ਕੇ ਅਮਰੀਕਾ ਵਿੱਚ ਅਜਿਹਾ ਹੰਗਾਮਾ ਹੋਇਆ ਕਿ ਬੁੱਧਵਾਰ ਰਾਤ ਨੂੰ ਹਿੰਸਕ ਝੜਪ ਵਿੱਚ ਬਦਲ ਗਿਆ । ਦੱਸਿਆ ਜਾ ਰਿਹਾ ਹੈ ਕਿ ਇਸ ਝੜਪ ਦੌਰਾਨ ਇੱਕ ਮਹਿਲਾ ਨੂੰ ਵੀ ਗੋਲੀ ਲੱਗੀ ਹੈ, ਜਿਸ ਕਾਰਨ ਉਸਦੀ ਮੌਤ ਹੋ ਗਈ । ਇੱਥੇ, ਜੋ ਬਾਇਡੇਨ ਨੇ ਕੈਪੀਟੋਲ ਬਿਲਡਿੰਗ ‘ਤੇ ਹੋਏ ਹੰਗਾਮੇ ਨੂੰ ਰਾਜਧ੍ਰੋਹ ਕਰਾਰ ਦਿੱਤਾ ਹੈ।