Barack Obama spent childhood years: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਇਸ ਸਮੇਂ ਆਪਣੀ ਕਿਤਾਬ ‘A Promised Land’ ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਕਿਤਾਬ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਹਵਾਲਿਆਂ ਅਤੇ ਸ਼ਖਸੀਅਤਾਂ ਦਾ ਜ਼ਿਕਰ ਹੈ, ਜਿਸ ਕਾਰਨ ਲਾਂਚਿੰਗ ਤੋਂ ਪਹਿਲਾਂ ਇਸ ਕਿਤਾਬ ਦੀ ਪੂਰੀ ਦੁਨੀਆ ਵਿੱਚ ਚਰਚਾ ਹੋ ਰਹੀ ਹੈ। ਹੁਣ ਇਸ ਕਿਤਾਬ ਤੋਂ ਪਤਾ ਲੱਗਿਆ ਹੈ ਕਿ ਬਰਾਕ ਓਬਾਮਾ ਬਚਪਨ ਵਿੱਚ ਮਹਾਂਭਾਰਤ ਅਤੇ ਰਾਮਾਇਣ ਦਾ ਪਾਠ ਸੁਣਿਆ ਕਰਦੇ ਸਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਉਹ ਆਪਣੇ ਬਚਪਨ ਦੇ ਸਾਲਾਂ ਦੌਰਾਨ ਇੰਡੋਨੇਸ਼ੀਆ ਵਿੱਚ ਹਿੰਦੂ ਮਹਾਂਕਾਵਿ ਰਮਾਇਣ ਅਤੇ ਮਹਾਂਭਾਰਤ ਦੀ ਕਥਾ ਸੁਣਿਆ ਕਰਦੇ ਸੀ, ਇਸ ਲਈ ਉਨ੍ਹਾਂ ਦੇ ਮਨ ਵਿੱਚ ਭਾਰਤ ਲਈ ਹਮੇਸ਼ਾਂ ਹੀ ਇੱਕ ਵਿਸ਼ੇਸ਼ ਸਥਾਨ ਰਿਹਾ ਹੈ।
ਬਰਾਕ ਓਬਾਮਾ ਨੇ ਆਪਣੀ ਕਿਤਾਬ ‘A Promised Land’ ਸਿਰਲੇਖ ਵਿੱਚ ਭਾਰਤ ਪ੍ਰਤੀ ਆਪਣੇ ਮੋਹ ਬਾਰੇ ਲਿਖਿਆ ਹੈ। ਉਨ੍ਹਾਂ ਕਿਹਾ, ‘ਹੋ ਸਕਦਾ ਹੈ ਕਿ ਇਹ ਉਸ ਦਾ (ਭਾਰਤ) ਦਾ ਆਕਾਰ ਹੈ (ਜੋ ਆਕਰਸ਼ਿਤ ਕਰਦਾ ਹੈ), ਜਿੱਥੇ ਦੁਨੀਆ ਦੀ ਆਬਾਦੀ ਦਾ ਛੇਵਾਂ ਹਿੱਸਾ ਰਹਿੰਦਾ ਹੈ, ਜਿੱਥੇ ਤਕਰੀਬਨ ਦੋ ਹਜ਼ਾਰ ਵੱਖ-ਵੱਖ ਨਸਲੀ ਭਾਈਚਾਰੇ ਰਹਿੰਦੇ ਹਨ ਅਤੇ ਜਿੱਥੇ ਸੱਤ ਸੌ ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ।’ ਓਬਾਮਾ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 2010 ਵਿੱਚ ਰਾਸ਼ਟਰਪਤੀ ਦੇ ਰੂਪ ਵਿੱਚ ਭਾਰਤ ਦੀ ਯਾਤਰਾ ਕੀਤੀ ਸੀ ਅਤੇ ਉਹ ਇਸ ਤੋਂ ਪਹਿਲਾਂ ਕਦੇ ਵੀ ਭਾਰਤ ਨਹੀਂ ਆਏ ਸੀ। ਉਨ੍ਹਾਂ ਕਿਹਾ, “ਪਰ ਇਸ ਦੇਸ਼ ਦਾ ਹਮੇਸ਼ਾਂ ਮੇਰੀ ਕਲਪਨਾ ਵਿੱਚ ਵਿਸ਼ੇਸ਼ ਸਥਾਨ ਰਿਹਾ।
ਓਬਾਮਾ ਨੇ ਕਿਹਾ, ‘ਇਸਦਾ ਇੱਕ ਕਾਰਨ ਇਹ ਹੋ ਸਕਦਾ ਹੈ ਕਿ ਇੰਡੋਨੇਸ਼ੀਆ ਵਿੱਚ ਆਪਣੇ ਬਚਪਨ ਦਾ ਕੁਝ ਹਿੱਸਾ ਮੈਂ ਹਿੰਦੂ ਮਹਾਂਕਾਵਿ ਰਮਾਇਣ ਅਤੇ ਮਹਾਂਭਾਰਤ ਦੀਆਂ ਕਥਾਵਾਂ ਸੁਣਦਿਆਂ ਬਿਤਾਇਆ ਜਾਂ ਇਸਦਾ ਕਾਰਨ ਪੂਰਬੀ ਧਰਮਾਂ ਵਿੱਚ ਮੇਰੀ ਰੁਚੀ ਹੋ ਸਕਦੀ ਹੈ ਜਾਂ ਇਸਦਾ ਕਾਰਨ ਕਾਲਜ ਦੇ ਮੇਰੇ ਪਾਕਿਸਤਾਨੀ ਅਤੇ ਭਾਰਤੀ ਦੋਸਤਾਂ ਦਾ ਸਮੂਹ ਹੈ ਜਿਨ੍ਹਾਂ ਨੇ ਮੈਨੂੰ ਦਾਲ ਅਤੇ ਕੀਮਾ ਬਣਾਉਣਾ ਸਿਖਾਇਆ ਅਤੇ ਮੈਨੂੰ ਬਾਲੀਵੁੱਡ ਫਿਲਮਾਂ ਦਿਖਾਈਆਂ।’
ਦੱਸ ਦੇਈਏ ਕਿ ‘A Promised Land’ ਵਿੱਚ ਓਬਾਮਾ ਨੇ 2008 ਦੇ ਚੋਣ ਪ੍ਰਚਾਰ ਤੋਂ ਲੈ ਕੇ ਰਾਸ਼ਟਰਪਤੀ ਦੇ ਰੂਪ ਵਿੱਚ ਆਪਣੇ ਪਹਿਲੇ ਕਾਰਜਕਾਲ ਦੇ ਅੰਤ ਵਿੱਚ ਐਬਟਾਬਾਦ (ਪਾਕਿਸਤਾਨ) ਵਿੱਚ ਅਲਕਾਇਦਾ ਦੇ ਮੁਖੀ ਓਸਾਮਾ ਬਿਨ ਲਾਦੇਨ ਨੂੰ ਮਾਰਨ ਦੀ ਮੁਹਿੰਮ ਤੱਕ ਦੇ ਆਪਣੇ ਸਫ਼ਰ ਦਾ ਵੇਰਵਾ ਦਿੱਤਾ ਹੈ। ਇਸ ਕਿਤਾਬ ਦਾ ਦੂਜਾ ਭਾਗ ਵੀ ਆਵੇਗਾ।