Bill and Melinda Gates announce: Microsoft ਦੇ ਸੰਸਥਾਪਕ ਬਿਲ ਗੇਟਸ ਅਤੇ ਉਨ੍ਹਾਂ ਦੀ ਪਤਨੀ ਮਿਲਿੰਡਾ ਨੇ ਇੱਕ-ਦੂਜੇ ਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ । ਵਿਆਹ ਦੇ 27 ਸਾਲਾਂ ਬਾਅਦ ਦੋਹਾਂ ਨੇ ਤਲਾਕ ਦਾ ਐਲਾਨ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਅਸੀਂ ਆਪਣੇ ਵਿਆਹੁਤਾ ਰਿਸ਼ਤੇ ਨੂੰ ਖਤਮ ਕਰ ਰਹੇ ਹਾਂ । ਜਿੰਦਗੀ ਦੇ ਅਗਲੇ ਪੜਾਅ ਵਿੱਚ ਅਸੀਂ ਹੁਣ ਇਕੱਠੇ ਅੱਗੇ ਨਹੀਂ ਵੱਧ ਸਕਦੇ। ਹਾਲਾਂਕਿ, ਅਸੀਂ ਲੋਕਾਂ ਦੀ ਭਲਾਈ ਲਈ ਆਪਣੀ ਫਾਊਂਡੇਸ਼ਨ ਵਿੱਚ ਮਿਲ ਕੇ ਕੰਮ ਕਰਦੇ ਰਹਾਂਗੇ।
ਸੋਸ਼ਲ ਮੀਡੀਆ ‘ਤੇ ਜਾਰੀ ਇੱਕ ਸਾਂਝੇ ਬਿਆਨ ਵਿੱਚ ਬਿਲ ਅਤੇ ਮਿਲਿੰਡਾ ਗੇਟਸ ਨੇ ਕਿਹਾ ਕਿ ਕਾਫ਼ੀ ਵਿਚਾਰ-ਵਟਾਂਦਰੇ ਅਤੇ ਆਪਸੀ ਗੱਲਬਾਤ ਤੋਂ ਬਾਅਦ ਅਸੀਂ ਆਪਣੇ ਰਿਸ਼ਤੇ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ । ਪਿਛਲੇ 27 ਸਾਲਾਂ ਵਿੱਚ ਅਸੀਂ ਤਿੰਨ ਸ਼ਾਨਦਾਰ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਹੈ। ਅਸੀਂ ਇੱਕ ਫਾਊਂਡੇਸ਼ਨ ਵੀ ਬਣਾਈ ਹੈ ਜੋ ਪੂਰੀ ਦੁਨੀਆ ਦੇ ਲੋਕਾਂ ਦੀ ਸਿਹਤ ਅਤੇ ਬਿਹਤਰ ਜ਼ਿੰਦਗੀ ਲਈ ਕੰਮ ਕਰਦੀ ਹੈ। ਅਸੀਂ ਇਸ ਮਿਸ਼ਨ ਲਈ ਹੁਣ ਵੀ ਉਹੀ ਸੋਚ ਰੱਖਾਂਗੇ ਅਤੇ ਮਿਲ ਕੇ ਕੰਮ ਕਰਾਂਗੇ। ਹਾਲਾਂਕਿ, ਹੁਣ ਸਾਨੂੰ ਲੱਗਦਾ ਹੈ ਕਿ ਅਸੀਂ ਜ਼ਿੰਦਗੀ ਦੇ ਆਉਣ ਵਾਲੇ ਸਮੇਂ ਵਿੱਚ ਬਤੌਰ ਪਤੀ-ਪਤਨੀ ਇਕੱਠੇ ਨਹੀਂ ਰਹਿ ਸਕਾਂਗੇ। ਅਸੀਂ ਨਵੇਂ ਸਿਰੇ ਤੋਂ ਸ਼ੁਰੂਆਤ ਕਰਨ ਜਾ ਰਹੇ ਹਾਂ। ਅਜਿਹੀ ਸਥਿਤੀ ਵਿੱਚ ਲੋਕਾਂ ਤੋਂ ਸਾਡੇ ਪਰਿਵਾਰ ਲਈ ਸਪੇਸ ਅਤੇ ਗੋਪਨੀਯਤਾ ਦੀ ਉਮੀਦ ਹੈ।
ਦੱਸ ਦੇਈਏ ਕਿ ਬਿਲ ਗੇਟਸ ਅਤੇ ਮੇਲਿੰਡਾ ਦੀ ਮੁਲਾਕਾਤ 1987 ਵਿੱਚ ਨਿਊਯਾਰਕ ਦੇ ਐਕਸਪੋ-ਟਰੇਡ ਫੇਅਰ ਵਿੱਚ ਹੋਈ ਸੀ । ਇੱਥੇ ਹੀ ਦੋਵਾਂ ਵਿਚਾਲੇ ਗੱਲਬਾਤ ਸ਼ੁਰੂ ਹੋਈ ਸੀ। ਬਿਲ ਗੇਟਸ ਨੇ ਉਸ ਨੂੰ ਕਾਰ ਪਾਰਕਿੰਗ ਵਿੱਚ ਬਾਹਰ ਘੁੰਮਣ ਲਈ ਪੁੱਛਿਆ ਸੀ। ਬਿਲ ਨੇ ਪੁੱਛਿਆ ਸੀ ਕਿ “ਹੁਣ ਤੋਂ ਦੋ ਹਫ਼ਤੇ, ਕੀ ਤੁਸੀਂ ਫ੍ਰੀ ਹੋ?” ਪਰ ਮੇਲਿੰਡਾ ਨੇ ਉਨ੍ਹਾਂ ਦਾ ਪ੍ਰਸਤਾਵ ਠੁਕਰਾ ਦਿੱਤਾ ਅਤੇ ਕਿਹਾ ਸੀ ਕਿ ਸਮਾਂ ਆਉਣ ‘ਤੇ ਮੈਨੂੰ ਇਹ ਪ੍ਰਸ਼ਨ ਪੁੱਛੋ।” ਜਿਸ ਤੋਂ ਬਾਅਦ ਵੀ ਬਿਲ ਗੇਟਸ ਨੇ ਹਾਰ ਨਹੀਂ ਮੰਨੀ । ਹੌਲੀ-ਹੌਲੀ ਦੋਵੇਂ ਦੀ ਗੱਲ ਅੱਗੇ ਵਧੀ। ਕੁਝ ਮਹੀਨਿਆਂ ਬਾਅਦ ਦੋਹਾਂ ਨੇ ਅਸਲ ਵਿੱਚ ਆਪਣੇ ਰਿਸ਼ਤੇ ਨੂੰ ਸਫਲ ਬਣਾਇਆ। 1993 ਵਿੱਚ ਉਨ੍ਹਾਂ ਨੇ ਮੰਗਣੀ ਕੀਤੀ ਅਤੇ ਨਵੇਂ ਸਾਲ ਦੇ ਦਿਨ ਦੋਵਾਂ ਨੇ 1994 ਵਿੱਚ ਵਿਆਹ ਕਰਵਾ ਲਿਆ ਸੀ। ਜ਼ਿਕਰਯੋਗ ਹੈ ਕਿ ਬਿਲ ਗੇਟਸ ਪਹਿਲਾਂ ਵਿਸ਼ਵ ਦੇ ਸਭ ਤੋਂ ਅਮੀਰ ਆਦਮੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੀ ਦੌਲਤ 100 ਬਿਲੀਅਨ ਡਾਲਰ ਤੋਂ ਵੀ ਵੱਧ ਹੋਣ ਦਾ ਅਨੁਮਾਨ ਹੈ ।