ਸਪੇਨ ਵਿੱਚ #ClothesHaveNoGender ਮੁਹਿੰਮ ਇੱਕ ਵਾਰ ਫਿਰ ਖਬਰਾਂ ਵਿੱਚ ਹੈ। ਇੱਥੇ ਇੱਕ ਸਕੂਲ ਨੇ ‘ਲਿੰਗ ਸਮਾਨਤਾ’ ਦਾ ਸੰਦੇਸ਼ ਦੇਣ ਲਈ ਲੜਕਿਆਂ ਅਤੇ ਲੜਕੀਆਂ ਦੋਵਾਂ ਨੂੰ ਸਕਰਟ ਪਹਿਨਣ ਲਈ ਕਿਹਾ ਹੈ। ਦਰਅਸਲ, ਕੁੱਝ ਸਮਾਂ ਪਹਿਲਾਂ ਇੱਕ ਵਿਦਿਆਰਥੀ ਨੂੰ ਸਕਰਟ ਪਹਿਨਣ ਕਾਰਨ ਸਕੂਲ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ ਮੁਹਿੰਮ ਨੇ ਜ਼ੋਰ ਫੜ ਲਿਆ।
ਇੱਕ ਰਿਪੋਰਟ ਮੁਤਾਬਿਕ ਐਡਿਨਬਰਗ ਦੇ ਕੈਸਲਵਿਊ (Castleview) ਪ੍ਰਾਇਮਰੀ ਸਕੂਲ ਨੇ ਲੜਕੇ ਅਤੇ ਲੜਕੀਆਂ ਦੋਵਾਂ ਨੂੰ ਕਲਾਸ ਵਿੱਚ ਸਕਰਟ ਪਹਿਨਣ ਲਈ ਕਿਹਾ ਹੈ। ਜਿਸ ਤੋਂ ਬਾਅਦ ਸਕੂਲ ਦੇ ਸਾਰੇ ਬੱਚਿਆਂ ਨੇ ‘ਵੀਅਰ ਏ ਸਕਰਟ ਟੂ ਸਕੂਲ’ ਮੁਹਿੰਮ ਵਿੱਚ ਹਿੱਸਾ ਲਿਆ। ਇਹ ‘Clothes Have No Gender’ ਮੁਹਿੰਮ ਦਾ ਹਿੱਸਾ ਹੈ। ਇਹ ਮੁਹਿੰਮ ਉਦੋਂ ਸ਼ੁਰੂ ਹੋਈ ਜਦੋਂ ਇੱਕ 15 ਸਾਲਾ ਵਿਦਿਆਰਥੀ ਮਿਕੇਲ ਗੋਮੇਜ਼ ਨੂੰ ਕੁੱਝ ਮਹੀਨੇ ਪਹਿਲਾਂ ਕਲਾਸ ਵਿੱਚ ਸਕਰਟ ਪਹਿਨਣ ਕਾਰਨ ਸਕੂਲ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਇਹ ਮੁਹਿੰਮ ਸਭ ਤੋਂ ਪਹਿਲਾਂ ਸਪੇਨ ਦੇ ਸ਼ਹਿਰ ਬਿਲਬਾਓ (Bilbao) ਵਿੱਚ ਸ਼ੁਰੂ ਕੀਤੀ ਗਈ ਸੀ।
ਐਡਿਨਬਰਗ ਲਾਈਵ ਦੀ ਰਿਪੋਰਟ ਮੁਤਾਬਕ ਕੈਸਲਵਿਊ ਸਕੂਲ ਦੇ ਵਿਦਿਆਰਥੀਆਂ ਦੇ ਨਾਲ-ਨਾਲ ਪੁਰਸ਼ ਅਧਿਆਪਕ ਵੀ ਸਕਰਟ ਪਹਿਨੇ ਨਜ਼ਰ ਆਉਣਗੇ। ਉਨ੍ਹਾਂ ਨੇ ਮਿਕੇਲ ਗੋਮੇਜ਼ ਦੇ ਸਮਰਥਨ ਵਿੱਚ, ਰੂੜ੍ਹੀਵਾਦੀ ਧਾਰਨਾਵਾਂ ਨੂੰ ਤੋੜਨ ਲਈ ‘ਵੀਅਰ ਏ ਸਕਰਟ ਟੂ ਸਕੂਲ’ ਮੁਹਿੰਮ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ ਹੈ। ਇਸ ਬਾਰੇ ਸਕੂਲ ਦੀ ਅਧਿਆਪਕਾ ਮਿਸ ਵ੍ਹਾਈਟ ਨੇ ਕਿਹਾ, “ਸਕੂਲ ਰੂੜ੍ਹੀਵਾਦੀ ਸੋਚ ਨੂੰ ਤੋੜਨ ਵੱਲ ਵੱਧ ਰਿਹਾ ਹੈ। ਅਸੀਂ ‘ਸਕਰਟ ਟੂ ਸਕੂਲ ਡੇ’ ਦਾ ਆਯੋਜਨ ਕੀਤਾ ਹੈ। ਕਿਸੇ ਨੂੰ ਵੀ ਸਕਰਟ ਪਹਿਨਣ ਲਈ ਮਜਬੂਰ ਨਹੀਂ ਕੀਤਾ ਗਿਆ ਹੈ।” ਹਾਲਾਂਕਿ, ਕੁੱਝ ਮਾਪਿਆਂ ਨੇ ਇਸ ਕਦਮ ਦੀ ਸ਼ਲਾਘਾ ਕੀਤੀ, ਜਦਕਿ ਕੁੱਝ ਨੇ ਇਸ ‘ਤੇ ਇਤਰਾਜ਼ ਵੀ ਕੀਤਾ। ਕੁੱਝ ਲੋਕਾਂ ਨੇ ਕਿਹਾ ਕਿ ਇਸ ਦਾ ਸਿੱਖਿਆ ਨਾਲ ਕੋਈ ਸਬੰਧ ਨਹੀਂ ਹੈ। ਬੱਚਿਆਂ ਨੂੰ ਪੜ੍ਹਾਓ ਅਤੇ ਇਹ ਸਭ ਨਾ ਕਰਵਾਓ।
ਵੀਡੀਓ ਲਈ ਕਲਿੱਕ ਕਰੋ -: