Brazil Coronavirus: ਦੁਨੀਆ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਬਹੁਤ ਸਾਰੇ ਦੇਸ਼ ਮੁੜ ਤੋਂ ਕੋਰੋਨਾ ਦੀ ਦੂਜੀ ਲਹਿਰ ਦੀ ਚਪੇਟ ਵਿੱਚ ਆ ਗਏ ਹਨ। ਅਮਰੀਕਾ ਤੋਂ ਬਾਅਦ ਸਭ ਤੋਂ ਜ਼ਿਆਦਾ ਪ੍ਰਭਵਿਤ ਦੇਸ਼ ਬ੍ਰਾਜ਼ੀਲ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 3 ਲੱਖ ਨੂੰ ਪਾਰ ਕਰ ਗਈ ਹੈ । ਦਰਅਸਲ, ਕੋਰੋਨਾ ਦੇ ਵਧਦੇ ਕੇਸਾਂ ਵਿਚਾਲੇ ਬ੍ਰਾਜ਼ੀਲ ਵਿੱਚ ਪਹਿਲੀ ਵਾਰ ਇਕੋ ਦਿਨ ਵਿੱਚ ਕੋਰੋਨਾ ਕਾਰਨ 3,000 ਤੋਂ ਵੱਧ ਮੌਤਾਂ ਹੋਈਆਂ ਹਨ। ਹਾਲ ਹੀ ਦੇ ਹਫਤਿਆਂ ਵਿੱਚ ਲਾਤੀਨੀ ਅਮਰੀਕਾ ਦਾ ਇਹ ਸਭ ਤੋਂ ਵੱਡਾ ਦੇਸ਼ ਕਿਸੇ ਵੀ ਹੋਰ ਦੇਸ਼ ਦੀ ਤੁਲਨਾ ਵਿੱਚ ਹਰ ਦਿਨ ਸੰਕ੍ਰਮਣ ਤੋਂ ਵੱਧ ਮੌਤਾਂ ਨਾਲ ਮਹਾਂਮਾਰੀ ਦਾ ਇੱਕ ਵਿਸ਼ਵਵਿਆਪੀ ਕੇਂਦਰ ਬਣ ਗਿਆ ਹੈ। ਬ੍ਰਾਜ਼ੀਲ ਵਿੱਚ ਮੰਗਲਵਾਰ ਨੂੰ 3,251 ਮਰੀਜ਼ਾਂ ਦੀ ਮੌਤ ਹੋ ਗਈ। ਦੇਸ਼ ਦੀ ਸਭ ਤੋਂ ਵੱਧ ਜਨਸੰਖਿਆ ਵਾਲੇ ਰਾਜ ਸਾਓ ਪਾਓਲੋ ਵਿੱਚ 1,021 ਲੋਕਾਂ ਦੀ ਮੌਤ ਹੋਈ, ਜੋ ਪਿਛਲੀ ਵਾਰ ਦੀ ਸਭ ਤੋਂ ਵੱਡੀ ਗਿਣਤੀ 713 ਨਾਲੋਂ ਬਹੁਤ ਜ਼ਿਆਦਾ ਹੈ ।
ਮਹਾਂਮਾਰੀ ਨੇ ਬ੍ਰਾਜ਼ੀਲ ਦੀਆਂ ਸਿਹਤ ਪ੍ਰਣਾਲੀਆਂ ਨੂੰ ਲਗਭਗ ਖਤਮ ਕਰ ਦਿੱਤਾ ਹੈ। ਹਸਪਤਾਲਾਂ ਵਿੱਚ ICU ਬੈੱਡ ਅਤੇ ਆਕਸੀਜਨ ਦੇ ਭੰਡਾਰ ਦੀ ਘਾਟ ਹੈ। ਅਜੋਕੇ ਸਮੇਂ ਵਿੱਚ, ਬਹੁਤੇ ਰਾਜਾਂ ਨੇ ਗਤੀਵਿਧੀਆਂ ਨੂੰ ਸੀਮਤ ਕਰ ਦਿੱਤਾ ਹੈ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਨੇ ਮਹਾਂਮਾਰੀ ਦੀ ਗੰਭੀਰਤਾ ਨੂੰ ਨਜ਼ਰ ਅੰਦਾਜ਼ ਕਰਦਿਆਂ ਕਿਹਾ ਹੈ ਕਿ ਅਰਥ ਵਿਵਸਥਾ ਨੂੰ ਚਲਦਾ ਰੱਖਣਾ ਚਾਹੀਦਾ ਹੈ ਤਾਂ ਜੋ ਇਸਦੀ ਸਥਿਤੀ ਨਾ ਵਿਗੜੇ । ਉਨ੍ਹਾਂ ਨੇ ਸਥਾਨਕ ਨੇਤਾਵਾਂ ਵੱਲੋਂ ਚੁੱਕੇ ਗਏ ਸਿਹਤ ਉਪਰਾਲਿਆਂ ਦੀ ਵੀ ਅਲੋਚਨਾ ਕੀਤੀ।
ਉੱਥੇ ਹੀ ਦੂਜੇ ਪਾਸੇ ਪਿਛਲੇ 24 ਘੰਟਿਆਂ ਵਿੱਚ ਵਿਸ਼ਵ ਭਰ ਵਿੱਚ 5.83 ਲੱਖ ਲੋਕਾਂ ਵਿੱਚ ਕੋਰੋਨਾ ਦੀ ਪੁਸ਼ਟੀ ਹੋਈ। ਇਸ ਦੌਰਾਨ 10 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਵੀ ਹੋਈ। ਹੁਣ ਤੱਕ ਦੁਨੀਆ ਵਿੱਚ 12.54 ਕਰੋੜ ਲੋਕ ਮਹਾਂਮਾਰੀ ਨਾਲ ਪ੍ਰਭਾਵਿਤ ਹੋਏ ਹਨ। 10.12 ਕਰੋੜ ਲੋਕ ਠੀਕ ਹੋ ਚੁੱਕੇ ਹਨ ਅਤੇ 27.56 ਲੱਖ ਲੋਕਾਂ ਦੀ ਮੌਤ ਹੋ ਗਈ ਹੈ । ਫਿਲਹਾਲ 2.13 ਕਰੋੜ ਮਰੀਜ਼ ਕੋਰੋਨਾ ਵਿਰੁੱਧ ਲੜਾਈ ਲੜ ਰਹੇ ਹਨ। ਇਹ ਅੰਕੜੇ www.worldometers.info/coronavirus ਦੇ ਅਨੁਸਾਰ ਹਨ।