Brazil registers record: ਦੁਨੀਆ ਵਿੱਚ ਕੋਰੋਨਾ ਵਾਇਰਸ ਨੇ ਇੱਕ ਵਾਰ ਤੋਂ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਜਿਸਦੇ ਮੱਦੇਨਜ਼ਰ ਕੋਰੋਨਾ ਦੇ ਮਾਮਲਿਆਂ ਵਿੱਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ । ਦਰਅਸਲ, ਦੁਨੀਆ ਵਿੱਚ ਮੁੜ ਤੋਂ ਪੈਰ ਪਸਾਰ ਰਹੇ ਕੋਰੋਨਾ ਵਾਇਰਸ ਦਾ ਕਹਿਰ ਬ੍ਰਾਜ਼ੀਲ ਵਿੱਚ ਜਾਰੀ ਹੈ । ਬ੍ਰਾਜ਼ੀਲ ਵਿੱਚ ਕੋਰੋਨਾ ਵਾਇਰਸ ਕਾਰਨ ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵੱਧ 4,195 ਲੋਕਾਂ ਦੀ ਮੌਤ ਹੋਈਆਂ ਹਨ। ਇਸ ਤੋਂ ਪਹਿਲਾਂ ਸਿਰਫ ਦੋ ਦੇਸ਼ਾਂ ਵਿੱਚ ਇੱਕ ਦਿਨ ਵਿੱਚ ਇਸ ਵਾਇਰਸ ਨਾਲ ਮੌਤ ਦੇ 4 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਸਨ ।
ਇਸ ਸਬੰਧੀ ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 4,195 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਈ ਹੈ । ਜਿਸ ਤੋਂ ਬਾਅਦ ਦੇਸ਼ ਵਿੱਚ ਮ੍ਰਿਤਕਾਂ ਦੀ ਗਿਣਤੀ 3,40,000 ਦੇ ਕਰੀਬ ਪਹੁੰਚ ਗਈ ਹੈ ਜੋ ਅਮਰੀਕਾ ਤੋਂ ਬਾਅਦ ਸਭ ਤੋਂ ਜ਼ਿਆਦਾ ਹੈ ।
ਦੱਸ ਦੇਈਏ ਕਿ ਹੁਣ ਤੱਕ ਅਮਰੀਕਾ ਅਤੇ ਪੇਰੂ ਵਿੱਚ ਇੱਕ ਦਿਨ ਵਿੱਚ ਕੋਰੋਨਾ ਵਾਇਰਸ ਕਾਰਨ ਮੌਤ ਦੇ ਚਾਰ ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ । ਅੰਕੜਿਆਂ ਅਨੁਸਾਰ ਬ੍ਰਾਜ਼ੀਲ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਸਾਓ ਪਾਓਲੋ ਵਿੱਚ ਪਿਛਲੇ 24 ਘੰਟਿਆਂ ਦੌਰਾਨ ਇਸ ਵਾਇਰਸ ਨਾਲ ਲਗਭਗ 1400 ਲੋਕਾਂ ਦੀ ਮੌਤ ਹੋਈ ਹੈ। ਦੁਨੀਆ ਭਰ ਵਿੱਚ ਹੁਣ ਤੱਕ ਇਸ ਵਾਇਰਸ ਨਾਲ ਪੀੜਤਾਂ ਦੀ ਗਿਣਤੀ 133.030,082 ਹੋ ਚੁੱਕੀ ਹੈ, ਜਦਕਿ 2,886,114 ਲੋਕ ਆਪਣੀ ਜਾਨ ਗਵਾ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਭਾਰਤ ਵਿੱਚ ਮੰਗਲਵਾਰ ਨੂੰ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 1.15 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜੋ ਕਿ ਇੱਕ ਦਿਨ ਦੀ ਸਭ ਤੋਂ ਵੱਧ ਗਿਣਤੀ ਹੈ । ਇਸ ਵਿਚਾਲੇ ਕੇਂਦਰ ਸਰਕਾਰ ਨੇ ਚੇਤਾਵਨੀ ਦਿੱਤੀ ਕਿ ਅਗਲੇ ਚਾਰ ਹਫ਼ਤੇ “ਬਹੁਤ ਮਹੱਤਵਪੂਰਨ” ਹਨ ਅਤੇ ਲੋਕਾਂ ਨੂੰ ਮਹਾਂਮਾਰੀ ਦੀ ਦੂਜੀ ਲਹਿਰ ਨੂੰ ਰੋਕਣ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ ।