Brazil Threatens WHO: ਦੁਨੀਆ ਭਰ ਵਿੱਚ ਕੋਰੋਨਾ ਸੰਕਰਮਣ ਦੇ ਮਾਮਲਿਆਂ ਦੀ ਗਿਣਤੀ 68,79,502 ਤੱਕ ਪਹੁੰਚ ਗਈ ਹੈ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ ਵੀ 3,98,737 ਹੋ ਗਈ ਹੈ । ਇਸ ਦੌਰਾਨ ਅਮਰੀਕਾ ਤੋਂ ਬਾਅਦ ਮਹਾਂਮਾਰੀ ਦਾ ਕੇਂਦਰ ਬਣਦੇ ਜ ਰਹੇ ਬ੍ਰਾਜ਼ੀਲ ਨੇ ਵੀ ਹੁਣ WHO ‘ਤੇ ਪੱਖਪਾਤੀ ਅਤੇ ਰਾਜਨੀਤਿਕ ਹੋਣ ਦਾ ਦੋਸ਼ ਲਾਉਂਦਿਆ ਬਾਹਰ ਨਿਕਲਣ ਦੀ ਧਮਕੀ ਦਿੱਤੀ ਹੈ । ਦੱਸ ਦੇਈਏ ਕਿ ਬ੍ਰਾਜ਼ੀਲ ਵਿੱਚ ਮਰਨ ਵਾਲਿਆਂ ਦੀ ਗਿਣਤੀ 35,000 ਨੂੰ ਪਾਰ ਕਰ ਗਈ ਹੈ ।
ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਯਰ ਬੋਲਸੋਨਾਰੋ ਨੇ ਕਿਹਾ ਹੈ ਕਿ ਜਦੋਂ ਤੱਕ WHO ਇੱਕ ਪੱਖਪਾਤੀ ਰਵੱਈਆ ਨਹੀਂ ਛੱਡਦਾ, ਉਨ੍ਹਾਂ ਦਾ ਦੇਸ਼ ਇਸ ਵਿਸ਼ਵ ਸੰਗਠਨ ਨਾਲ ਸਬੰਧ ਤਿਆਗਣ ਬਾਰੇ ਵਿਚਾਰ ਕਰੇਗਾ । ਦੱਸ ਦੇਈਏ ਕਿ ਇਹ ਉਹੀ ਰਾਸ਼ਟਰਪਤੀ ਹਨ ਜਿਨ੍ਹਾਂ ਨੇ ਸੂਬੀਆਂ ਵੱਲੋਂ ਲਗਾਏ ਗਏ ਲਾਕਡਾਊਨ ਦਾ ਵਿਰੋਧ ਕਰਦੇ ਹੋਏ ਉਨ੍ਹਾਂ ਨੂੰ ਖੋਲ੍ਹਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ । ਇਸ ਦੌਰਾਨ WHO ਦੇ ਬੁਲਾਰੇ ਮਾਰਗਰੇਟ ਹੈਰਿਸ ਨੇ ਜਿਨੀਵਾ ਵਿੱਚ ਕਿਹਾ ਕਿ ਲਾਤੀਨੀ ਅਮਰੀਕਾ ਵਿੱਚ ਮਹਾਂਮਾਰੀ ਦਾ ਪ੍ਰਕੋਪ ਡੂੰਘਾ ਹੈ । ਇੱਕ ਜਾਣਕਾਰੀ ਅਨੁਸਾਰ ਲਾਤੀਨੀ ਅਮਰੀਕਾ ਸਮੇਤ ਪੱਛਮੀ ਏਸ਼ੀਆ, ਅਫਰੀਕਾ ਅਤੇ ਦੱਖਣੀ ਏਸ਼ੀਆ ਵਿੱਚ ਮਹਾਂਮਾਰੀ ਦਾ ਪ੍ਰਕੋਪ ਹੁਣ ਡੂੰਘਾ ਹੁੰਦਾ ਜਾ ਰਿਹਾ ਹੈ।
ਦੱਸ ਦੇਈਏ ਕਿ ਬ੍ਰਾਜ਼ੀਲ ਵਿੱਚ ਪਿਛਲੇ ਚਾਰ ਦਿਨਾਂ ਵਿੱਚ ਇੱਕ ਲੱਖ ਲਾਗ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ, ਜਦਕਿ ਮੈਕਸੀਕੋ ਵਿੱਚ ਇੱਕ ਦਿਨ ਦੇ ਅੰਦਰ ਚਾਰ ਹਜ਼ਾਰ ਤੋਂ ਵੱਧ ਮਾਮਲੇ ਵੱਧ ਗਏ ਹਨ । ਹੁਣ ਜਦੋਂ ਇਹ ਮਹਾਂਮਾਰੀ ਲਾਤੀਨੀ ਅਮਰੀਕਾ ਅਤੇ ਅਫਰੀਕਾ ਵਰਗੇ ਦੇਸ਼ਾਂ ਵਿੱਚ ਫੈਲ ਰਹੀ ਹੈ, ਤਾਂ ਯੂਰਪੀਅਨ ਦੇਸ਼ਾਂ ਨੇ ਇਸ ‘ਤੇ ਕਾਫ਼ੀ ਹੱਦ ਤੱਕ ਕਾਬੂ ਪਾ ਲਿਆ ਹੈ । ਫਿਨਲੈਂਡ ਵਿੱਚ ਕੋਰੋਨਾ ਖਾਤਮੇ ਦੀ ਕਗਾਰ ‘ਤੇ ਹੈ । ਉੱਥੇ ਹੀ ਨਿਊਜੀਲੈਂਡ ਵਿੱਚ ਵੀ ਲਗਾਤਾਰ 14ਵੇਂ ਦਿਨ ਕੋਈ ਕੇਸ ਨਹੀਂ ਆਇਆ ਹੈ । ਇਟਲੀ, ਸਪੇਨ ਅਤੇ ਬ੍ਰਿਟੇਨ ਵਿੱਚ ਨਵੇਂ ਕੇਸ ਘੱਟ ਗਏ ਹਨ ।