Brazilian judge tells Bolsonaro: ਦੁਨੀਆ ਵਿੱਚ ਕੋਰੋਨਾ ਵਾਇਰਸ ਦਾ ਖ਼ਤਰਾ ਵੱਧਦਾ ਹੀ ਜਾ ਰਿਹਾ ਹੈ, ਭਾਵੇਂ ਇਹ ਸਰਕਾਰਾਂ ਹੋਣ ਜਾਂ ਮਾਹਿਰ, ਹਰ ਕੋਈ ਕਹਿ ਰਿਹਾ ਹੈ ਕਿ ਮਾਸਕ ਪਾਉਣਾ ਜ਼ਰੂਰੀ ਹੈ। ਪਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਰ ਬੋਲਸੋਨਾਰੋ ਕਈ ਵਾਰ ਬਿਨਾਂ ਕਿਸੇ ਮਾਸਕ ਦੇ ਵੇਖੇ ਗਏ ਹਨ। ਹੁਣ ਬ੍ਰਾਜ਼ੀਲ ਦੀ ਇੱਕ ਅਦਾਲਤ ਨੇ ਰਾਸ਼ਟਰਪਤੀ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਜਨਤਕ ਥਾਵਾਂ ‘ਤੇ ਮਾਸਕ ਪਾਉਣ ਨਹੀਂ ਤਾਂ ਉਨ੍ਹਾਂ ‘ਤੇ ਜ਼ੁਰਮਾਨਾ ਲਗਾਇਆ ਜਾਵੇਗਾ। ਬ੍ਰਾਜ਼ੀਲ ਦੀ ਸੰਘੀ ਅਦਾਲਤ ਦੇ ਜੱਜ ਰੇਨੇਟੋ ਬੋਰੇਲੀ ਨੇ ਮੰਗਲਵਾਰ ਨੂੰ ਫੈਸਲਾ ਲਿਆ ਹੈ ਕਿ ਬ੍ਰਾਜ਼ੀਲ ਦੇ ਰਾਸ਼ਟਰਪਤੀ ਬੋਲਸੋਨਾਰੋ ਨੂੰ ਆਪਣੀਆਂ ਰੈਲੀਆਂ ਵਿੱਚ ਲਾਜ਼ਮੀ ਤੌਰ ਤੇ ਮਾਸਕ ਪਹਿਨਾਉਣਾ ਚਾਹੀਦਾ ਹੈ, ਨਹੀਂ ਤਾਂ ਉਨ੍ਹਾਂ ਨੂੰ ਹਰ ਰੋਜ਼ 2000 ਰਈਸ ਜੁਰਮਾਨਾ ਕੀਤਾ ਜਾਵੇਗਾ। ਦੱਸ ਦੇਈਏ ਕਿ ਬ੍ਰਾਜ਼ੀਲ ਦੁਨੀਆ ਦਾ ਦੂਜਾ ਦੇਸ਼ ਹੈ ਜਿੱਥੇ ਕੋਰੋਨਾ ਵਾਇਰਸ ਦੇ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਅਮਰੀਕਾ ਤੋਂ ਬਾਅਦ ਬ੍ਰਾਜ਼ੀਲ ਵਿੱਚ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ ਅਤੇ ਲੋਕ ਇਸ ਦੀ ਚਪੇਟ ਵਿੱਚ ਆਏ ਹਨ।
ਇਕੱਲੇ ਮੰਗਲਵਾਰ ਨੂੰ ਹੀ, ਤਕਰੀਬਨ 1400 ਮੌਤਾਂ ਹੋਈਆਂ ਹਨ ਅਤੇ ਚਾਲੀ ਹਜ਼ਾਰ ਮਾਮਲੇ ਸਾਹਮਣੇ ਆ ਚੁੱਕੇ ਹਨ। ਬ੍ਰਾਜ਼ੀਲ ਵਿੱਚ ਕੋਰੋਨਾ ਵਾਇਰਸ ਕਾਰਨ 50 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 10ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਲਗਾਤਾਰ ਵੱਧ ਰਹੇ ਮਾਮਲਿਆਂ ਦੇ ਬਾਵਜੂਦ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਪਿੱਛਲੇ ਕਈ ਦਿਨਾਂ ਵਿੱਚ ਆਪਣੀਆਂ ਰੈਲੀਆਂ ਦੌਰਾਨ ਜਾਂ ਕਿਸੇ ਨਾਲ ਮੁਲਾਕਾਤ ਦੌਰਾਨ ਮਾਸਕ ਤੋਂ ਬਗੈਰ ਦੇਖਿਆ ਗਿਆ ਹੈ। ਇੰਨਾ ਹੀ ਨਹੀਂ, ਰਾਜਾਂ ਦੇ ਰਾਜਪਾਲ ਅਤੇ ਸ਼ਹਿਰਾਂ ਦੇ ਮੇਅਰ ਦੁਆਰਾ ਲਗਾਈ ਗਈ ਤਾਲਾਬੰਦੀ ਦਾ ਵੀ ਬੋਲਸੋਨਾਰੋ ਨੇ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦੀ ਰੋਕਥਾਮ ਸਿਰਫ ਟੀਕੇ ਨਾਲ ਕੀਤੀ ਜਾ ਸਕਦੀ ਹੈ ਅਤੇ ਹੋਰ ਕਿਸੇ ਵੀ ਤਰ੍ਹਾਂ ਨਹੀਂ ਰੋਕਿਆ ਜਾ ਸਕਦਾ। ਮਹੱਤਵਪੂਰਣ ਗੱਲ ਇਹ ਹੈ ਕਿ ਬ੍ਰਾਜ਼ੀਲ ਵਿੱਚ ਸਿਹਤ ਸਹੂਲਤਾਂ ਇੰਨੀਆਂ ਮਜ਼ਬੂਤ ਨਹੀਂ ਹਨ, ਜਿਸ ਕਾਰਨ ਇੱਥੇ ਕੋਰੋਨਾ ਵਾਇਰਸ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਰਿਕਵਰੀ ਦੀ ਸਥਿਤੀ ਬਹੁਤ ਘੱਟ ਹੈ।