Brazilian President Bolsonaro asks PM Modi: ਭਾਰਤ ਵਿੱਚ ਬਣੀਆਂ ਦੋ ਸਵਦੇਸ਼ੀ ਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਜਲਦੀ ਹੀ ਕੋਵਿਡ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਜਾ ਰਹੀ ਹੈ। ਇਸ ਦੌਰਾਨ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਯਰ ਬੋਲਸੋਨਾਰੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਕੋਵਿਡ ਟੀਕਾ ਜਲਦੀ ਤੋਂ ਜਲਦੀ ਭੇਜਣ ਦੀ ਬੇਨਤੀ ਕੀਤੀ ਹੈ । ਦੁਨੀਆ ਵਿੱਚ ਕੋਰੋਨਾ ਨਾਲ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿੱਚ ਬ੍ਰਾਜ਼ੀਲ ਦੂਜੇ ਨੰਬਰ ‘ਤੇ ਹੈ, ਜਿਸ ਕਾਰਨ ਬ੍ਰਾਜ਼ੀਲ ਵਿੱਚ ਟੀਕਾਕਰਣ ਦੀ ਸ਼ੁਰੂਆਤ ਨਾ ਕਾਰਨ ਬ੍ਰਾਜ਼ੀਲ ‘ਤੇ ਦਬਾਅ ਵੱਧਦਾ ਜਾ ਰਿਹਾ ਹੈ।
ਦਰਅਸਲ, ਬ੍ਰਾਜ਼ੀਲ ਦੇ ਰਾਸ਼ਟਰਪਤੀ ਦਫਤਰ ਵੱਲੋਂ ਇਹ ਪੱਤਰ ਜਾਰੀ ਕੀਤਾ ਗਿਆ ਹੈ। ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਮੈਂ ਭਾਰਤੀ ਟੀਕਾਕਰਨ ਪ੍ਰੋਗਰਾਮ ‘ਤੇ ਕੋਈ ਅਸਰ ਪਏ ਬਿਨ੍ਹਾਂ ਸਾਡੇ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਨੂੰ ਤੁਰੰਤ ਲਾਗੂ ਕਰਨ ਲਈ 20 ਲੱਖ ਵੈਕਸੀਨ ਦੀਆਂ ਖੁਰਾਕਾਂ ਦੀ ਪੂਰਤੀ ਕਰਨ ਦੀ ਅਪੀਲ ਕਰਦਾ ਹਾਂ।
ਜ਼ਿਕਰਯੋਗ ਹੈ ਕਿ ਬੋਲਸੋਨਾਰੋ ਨੇ ਇਹ ਸੰਦੇਸ਼ ਅਜਿਹੇ ਸਮੇਂ ਪ੍ਰਧਾਨ ਮੰਤਰੀ ਮੋਦੀ ਨੂੰ ਭੇਜਿਆ ਹੈ ਜਦੋਂ ਬ੍ਰਾਜ਼ੀਲ ਸਰਕਾਰ ਵੱਲੋਂ ਸੰਚਾਲਿਤ ਫਿਓਕਰੂਜ਼ ਬਾਇਓਮੈਡੀਕਲ ਸੈਂਟਰ ਨੇ ਕਿਹਾ ਸੀ ਕਿ ਬ੍ਰਾਜ਼ੀਲ ਵਿੱਚ ਐਸਟਰਾਜ਼ੇਨੇਕਾ ਦੀਆਂ ਲੱਖਾਂ ਖੁਰਾਕਾਂ ਇਸ ਮਹੀਨੇ ਦੇ ਅੰਤ ਤੋਂ ਪਹਿਲਾਂ ਨਹੀਂ ਪਹੁੰਚ ਸਕਦੀਆਂ । ਫਿਓਕਰੂਜ਼ ਨੇ ਕਿਹਾ ਹੈ ਕਿ ਉਹ ਵੈਕਸੀਨ ਦੀ ਖੁਰਾਕ ਲਈ ਗੱਲਬਾਤ ਕਰ ਰਿਹਾ ਹੈ। ਇਸ ਤੋਂ ਪਹਿਲਾਂ ਫਿਓਕਰੂਜ਼ ਨੇ ਭਾਰਤ ਤੋਂ ਪਹੁੰਚਣ ਵਾਲੇ ਐਸਟ੍ਰਾਜ਼ੇਨੇਕਾ ਟੀਕੇ ਦੀ ਐਮਰਜੈਂਸੀ ਵਰਤੋਂ ਦੀ ਆਗਿਆ ਦੇਣ ਦੀ ਅਪੀਲ ਕੀਤੀ ਸੀ।
ਦੱਸ ਦੇਈਏ ਕਿ ਅਮਰੀਕਾ ਤੋਂ ਬਾਅਦ ਕੋਰੋਨਾ ਨਾਲ ਸਭ ਤੋਂ ਵੱਧ ਮੌਤਾਂ ਬ੍ਰਾਜ਼ੀਲ ਵਿੱਚ ਹੋਈਆਂ ਹਨ। ਵਰਲਡਮੀਟਰ ਅਨੁਸਾਰ ਬ੍ਰਾਜ਼ੀਲ ਵਿੱਚ ਕੋਰੋਨਾ ਨਾਲ ਹੁਣ ਤੱਕ 2 ਲੱਖ 1 ਹਜ਼ਾਰ 542 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ । ਹੁਣ ਤੱਕ ਇੱਥੇ ਕੋਰੋਨਾ ਦੇ 8 ਮਿਲੀਅਨ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ।