BRICS Summit Today: ਅੱਜ 12ਵਾਂ ਬ੍ਰਿਕਸ ਸੰਮੇਲਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ। ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਇਸ ਵਰਚੁਅਲ ਸੰਮੇਲਨ ਵਿੱਚ ਹਿੱਸਾ ਲੈਣਗੇ । ਇਸ ਸੰਮੇਲਨ ਦੌਰਾਨ ਬ੍ਰਿਕਸ ਦੇਸ਼ ਆਪਸੀ ਸਹਿਯੋਗ ਦੇ ਮੁੱਦਿਆਂ ‘ਤੇ ਵੀ ਵਿਚਾਰ ਵਟਾਂਦਰੇ ਕਰਨਗੇ । ਇਨ੍ਹਾਂ ਵਿੱਚ ਕੋਵਿਡ-19 ਨਾਲ ਨਜਿੱਠਣ ਦੇ ਉਪਾਅ, ਅੱਤਵਾਦ ਦੇ ਵਿਰੁੱਧ ਮੁਕਾਬਲਾ, ਵਪਾਰ ਅਤੇ ਸਿਹਤ ਸ਼ਾਮਿਲ ਹੈ।
ਦਰਅਸਲ, ਇਸ ਸਿਖਰ ਸੰਮੇਲਨ ਤੋਂ ਪਹਿਲਾਂ ਰੂਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਪਲੇਟਫਾਰਮ ਦੀ ਵਰਤੋਂ ਦੁਵੱਲੀ ਵਿਵਾਦ ਪੈਦਾ ਕਰਨ ਲਈ ਨਹੀਂ ਕੀਤੀ ਜਾਵੇਗੀ। ਬ੍ਰਿਕਸ ਤੋਂ ਭਾਰਤ ਅਤੇ ਚੀਨ ਦੋਵਾਂ ਨੂੰ ਫਾਇਦਾ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਮੋਦੀ ਅੱਤਵਾਦ ਦੇ ਮੁੱਦੇ ‘ਤੇ ਧਿਆਨ ਕੇਂਦਰਿਤ ਕਰਨਗੇ । ਇਸ ਦੌਰਾਨ ਪ੍ਰਧਾਨ ਮੰਤਰੀ ਅੱਤਵਾਦ ਵਿੱਤ ਅਤੇ ਨਸ਼ਾ ਤਸਕਰੀ ਦਾ ਵੀ ਜ਼ਿਕਰ ਕਰ ਸਕਦੇ ਹਨ। ਬ੍ਰਾਜ਼ੀਲ ਵਿੱਚ ਹੋਏ 11ਵੇਂ ਸੰਮੇਲਨ ਵਿੱਚ ਮੋਦੀ ਨੇ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ ਵਿਕਾਸ ਦੇ ਰਾਹ ਵਿੱਚ ਸਭ ਤੋਂ ਵੱਡਾ ਰੋੜਾ ਅੱਤਵਾਦ ਹੈ।
ਜ਼ਿਕਰਯੋਗ ਹੈ ਕਿ ਭਾਰਤ ਤੇ ਚੀਨ ਵਿਚਾਲੇ ਲੱਦਾਖ ਵਿੱਚ ਮਈ ਤੋਂ ਚੱਲ ਰਹੇ ਤਣਾਅ ਤੋਂ ਬਾਅਦ ਇਹ ਦੂਜਾ ਮੌਕਾ ਹੋਵੇਗਾ ਜਦੋਂ ਮੋਦੀ ਅਤੇ ਜਿਨਪਿੰਗ ਇੱਕ-ਦੂਜੇ ਦੇ ਆਹਮੋ-ਸਾਹਮਣੇ ਹੋਣਗੇ। ਪਿਛਲੇ ਹਫਤੇ SCO ਦੀ ਬੈਠਕ ਜਿਨਪਿੰਗ ਤੋਂ ਇਲਾਵਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਸ਼ਾਮਿਲ ਹੋਏ ਸਨ। ਫਿਰ ਮੋਦੀ ਨੇ ਇੱਕ ਦੂਜੇ ਦੀ ਪ੍ਰਭੂਸੱਤਾ ਅਤੇ ਅਖੰਡਤਾ ਦਾ ਸਨਮਾਨ ਕਰਨ ਦਾ ਸੰਦੇਸ਼ ਦਿੱਤਾ ਸੀ ।
ਦੱਸ ਦੇਈਏ ਕਿ ਬ੍ਰਿਕਸ ਦੇਸ਼ਾਂ ਦੀ ਬੈਠਕ ਅਜਿਹੇ ਸਮੇਂ ਵਿੱਚ ਹੋ ਰਹੀ ਹੈ ਜਦੋਂ ਛੇ ਮਹੀਨੇ ਪਹਿਲਾਂ ਪੂਰਬੀ ਲੱਦਾਖ ਦੀ ਸਰਹੱਦ ‘ਤੇ ਭਾਰਤ ਅਤੇ ਚੀਨ ਵਿਚਾਲੇ ਹਿੰਸਕ ਝੜਪ ਤੋਂ ਬਾਅਦ ਗਤਿਰੋਧ ਬਰਕਰਾਰ ਹੈ। ਹੁਣ ਦੋਵੇਂ ਧਿਰਾਂ ਉਚਾਈ ਵਾਲੇ ਖੇਤਰਾਂ ਤੋਂ ਫ਼ੌਜਾਂ ਨੂੰ ਹਟਾਉਣ ਦੇ ਪ੍ਰਸਤਾਵ ‘ਤੇ ਕੰਮ ਕਰ ਰਹੀਆਂ ਹਨ । ਹਾਲ ਹੀ ਵਿੱਚ ਪ੍ਰਧਾਨਮੰਤਰੀ ਮੋਦੀ ਅਤੇ ਰਾਸ਼ਟਰਪਤੀ ਸ਼ੀ ਸ਼ੰਘਾਈ ਸਹਿਕਾਰਤਾ ਸੰਗਠਨ (SCO) ਦੀ ਬੈਠਕ ਦੌਰਾਨ ਇੱਕ ਡਿਜੀਟਲ ਮਾਧਿਅਮ ਰਾਹੀਂ ਆਹਮੋ-ਸਾਹਮਣੇ ਹੋਏ ਸਨ।