ਕੈਨੇਡਾ-ਅਮਰੀਕਾ ਬਾਰਡਰ ‘ਤੇ ਮਨੁੱਖੀ ਤਸਕਰੀ ਦੇ ਮਾਮਲਿਆਂ ‘ਚ ਤੇਜ਼ੀ ਨਾਲ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਦਿਨੀਂ ਚਾਰ ਭਾਰਤੀ ਵੀ ਇਸ ਦਾ ਸ਼ਿਕਾਰ ਹੋ ਚੁੱਕੇ ਹਨ। ਇਹ ਲੋਕ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਰਸਤੇ ਤੋਂ ਕੈਨੇਡਾ ਵਿੱਚ ਦਾਖਲ ਹੋਏ ਸਨ ਪਰ -35 ਡਿਗਰੀ ਤਾਪਮਾਨ ਵਿੱਚ ਇਨ੍ਹਾਂ ਦੀ ਮੌਤ ਹੋ ਗਈ।
ਇਨ੍ਹਾਂ ਚਾਰ ਲੋਕਾਂ ਵਿੱਚ ਇੱਕ ਨਵਜੰਮਿਆ ਬੱਚਾ ਵੀ ਸ਼ਾਮਿਲ ਸੀ। ਇਹ ਖਦਸ਼ਾ ਹੈ ਕਿ ਜਾਨ ਗਵਾਉਣ ਵਾਲੇ ਲੋਕ ਗੁਜਰਾਤ ਦੇ ਰਹਿਣ ਵਾਲੇ ਹਨ। ਫਿਲਹਾਲ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦੇ ਹੋਏ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀ ਰਾਜਦੂਤਾਂ ਤੋਂ ਰਿਪੋਰਟ ਮੰਗੀ ਹੈ। ਜਾਣਕਾਰੀ ਅਨੁਸਾਰ ਪਿਛਲੇ ਇੱਕ ਮਹੀਨੇ ਦੌਰਾਨ ਅਮਰੀਕਾ/ਕੈਨੇਡਾ ਸਰਹੱਦ ਨੇੜੇ ਮਨੁੱਖੀ ਤਸਕਰੀ ਦੇ ਤਿੰਨ ਵੱਖ-ਵੱਖ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਸੱਤ ਭਾਰਤੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਚਾਰ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਗ੍ਰਿਫਤਾਰ ਕੀਤੇ ਗਏ ਸਾਰੇ ਸੱਤ ਲੋਕ ਗੁਜਰਾਤੀ ਬੋਲਦੇ ਹਨ। ਉਨ੍ਹਾਂ ਵਿੱਚੋਂ ਕੁੱਝ ਨੂੰ ਥੋੜੀ ਜਿਹੀ ਅੰਗਰੇਜ਼ੀ ਆਉਂਦੀ ਹੈ, ਜਦਕਿ ਕੁੱਝ ਬਿਲਕੁਲ ਵੀ ਨਹੀਂ ਜਾਣਦੇ। ਤੁਹਾਨੂੰ ਦੱਸ ਦੇਈਏ ਕਿ ਭਾਰਤ ਤੋਂ ਬਾਹਰ ਅਮਰੀਕਾ ਅਤੇ ਕੈਨੇਡਾ ਵਿੱਚ ਵੀ ਵੱਡੀ ਗਿਣਤੀ ਵਿੱਚ ਗੁਜਰਾਤੀ ਲੋਕ ਰਹਿੰਦੇ ਹਨ।
ਗੁਜਰਾਤ ਦੇ ਗਾਂਧੀਨਗਰ ਜ਼ਿਲੇ ਦੇ ਡਿੰਗੁਚਾ ਪਿੰਡ ਦੇ ਇੱਕ ਵਿਅਕਤੀ ਨੇ ਐਤਵਾਰ ਨੂੰ ਕਿਹਾ ਕਿ ਉਹ ਅਤੇ ਉਸਦਾ ਪਰਿਵਾਰ ਅਮਰੀਕਾ-ਕੈਨੇਡਾ ਸਰਹੱਦ ਪਾਰ ਕਰਦੇ ਸਮੇਂ ਠੰਡ ਨਾਲ ਮਰਨ ਵਾਲੇ ਚਾਰ ਲੋਕਾਂ ਬਾਰੇ ਸੁਣ ਕੇ ਚਿੰਤਤ ਸਨ। ਵਿਅਕਤੀ ਨੇ ਕਿਹਾ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ ਵਿੱਚ ਅਸਮਰੱਥ ਹੈ ਜੋ ਹਾਲ ਹੀ ਵਿੱਚ ਕੈਨੇਡਾ ਗਏ ਸਨ। ਮੀਡੀਆਂ ਰਿਪੋਟਾਂ ਮੁਤਾਬਿਕ ਗਾਂਧੀਨਗਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਕੁਲਦੀਪ ਆਰੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਡਿੰਗੂਚਾ ਪਿੰਡ ਦਾ ਇੱਕ ਪਰਿਵਾਰ ਵੀਜ਼ੇ ‘ਤੇ ਕੈਨੇਡਾ ਗਿਆ ਸੀ ਪਰ ਉਨ੍ਹਾਂ ਨੂੰ ਮ੍ਰਿਤਕਾਂ ਜਾਂ ਇਸ ਪਿੰਡ ਨਾਲ ਉਨ੍ਹਾਂ ਦੇ ਸਬੰਧਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਦੱਸ ਦੇਈਏ ਕਿ ਗੁਜਰਾਤ ਦੇ ਜਗਦੀਸ਼ ਪਟੇਲ ਹਾਲ ਹੀ ਵਿੱਚ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਕੈਨੇਡਾ ਲਈ ਰਵਾਨਾ ਹੋਏ ਸਨ। ਫਿਲਹਾਲ ਰਿਸ਼ਤੇਦਾਰ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਨਾਲ ਸੰਪਰਕ ਨਹੀਂ ਕਰ ਸਕੇ ਹਨ।
ਅਮਰੀਕਾ ਤੋਂ ਕੈਨੇਡਾ ‘ਚ ਦਾਖਲ ਹੋਣ ਦੀਆਂ ਗੈਰ-ਕਾਨੂੰਨੀ ਕੋਸ਼ਿਸ਼ਾਂ ਨੂੰ ਰੋਕਣ ਲਈ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ 2016 ਵਿੱਚ ਜਦੋਂ ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਸਨ ਤਾਂ ਸਰਹੱਦ ਪਾਰ ਕਰਕੇ ਕੈਨੇਡਾ ਜਾਣ ਦਾ ਰੁਝਾਨ ਤੇਜ਼ ਹੋ ਗਿਆ ਸੀ, ਜੋ ਹੁਣ ਤੱਕ ਜਾਰੀ ਹੈ। ਟਰੂਡੋ ਨੇ ਕਿਹਾ ਕਿ ਲੋਕ ਬਿਹਤਰ ਜੀਵਨ ਪੱਧਰ ਲਈ ਅਜਿਹਾ ਕਰਦੇ ਹਨ, ਪਰ ਇਸ ਤਰ੍ਹਾਂ ਸਰਹੱਦ ਪਾਰ ਕਰਕੇ ਦਾਖਲ ਹੋਣ ਦੀ ਕੋਸ਼ਿਸ਼ ਘਾਤਕ ਸਾਬਿਤ ਹੁੰਦੀ ਹੈ। ਇਸ ‘ਚ ਖ਼ਤਰਾ ਹੈ, ਇਸ ਲਈ ਇਸ ਨੂੰ ਰੋਕਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: