Canada claims PM Trudeau: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ‘ਤੇ ਗੱਲਬਾਤ ਕੀਤੀ ਗਈ । ਭਾਰਤ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਇਸ ਗੱਲਬਾਤ ਦੌਰਾਨ ਟਰੂਡੋ ਨੇ ਮੋਦੀ ਨਾਲ ਕੋਰੋਨਾ ਵੈਕਸੀਨ ਬਾਰੇ ਗੱਲ ਕੀਤੀ । ਇਸੇ ਵਿਚਾਲੇ ਹੁਣ ਖ਼ਬਰ ਸਾਹਮਣੇ ਆ ਰਹੀ ਹੈ ਕਿ ਕੈਨੇਡੀਅਨ ਪੀਐਮ ਜਸਟਿਨ ਟਰੂਡੋ ਨੇ ਮੋਦੀ ਨਾਲ ਕਿਸਾਨ ਅੰਦੋਲਨ ਬਾਰੇ ਵੀ ਗੱਲਬਾਤ ਕੀਤੀ । ਇਹ ਦਾਅਵਾ ਕੈਨੇਡਾ ਵੱਲੋਂ ਕੀਤਾ ਗਿਆ ਹੈ, ਜਦੋਂਕਿ ਭਾਰਤ ਵੱਲੋਂ ਜਾਰੀ ਬਿਆਨ ਵਿੱਚ ਇਹ ਕਿਹਾ ਗਿਆ ਕਿ ਇਸ ਗੱਲਬਾਤ ਵਿੱਚ ਕਿਸਾਨਾਂ ਬਾਰੇ ਕਿਸੇ ਵੀ ਤਰ੍ਹਾਂ ਦੇ ਮੁੱਦੇ ‘ਤੇ ਕੋਈ ਗੱਲ ਨਹੀਂ ਕੀਤੀ ਗਈ ਹੈ ।
ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਕੈਨੇਡਾ ਵੱਲੋਂ ਕਿਸਾਨ ਅੰਦੋਲਨ ਦਾ ਮੁੱਦਾ ਚੁੱਕਿਆ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਕੈਨੇਡਾ ਵੱਲੋਂ ਕਿਸਾਨਾਂ ਨੂੰ ਸਮਰਥਨ ਕੀਤਾ ਜਾ ਚੁੱਕਿਆ ਹੈ, ਜਿਸ ‘ਤੇ ਭਾਰਤ ਵੱਲੋਂ ਤਿੱਖੀ ਪ੍ਰਤੀਕਿਰੀਆ ਵੀ ਦਿੱਤੀ ਗਈ ਸੀ। ਜਿਸ ਤੋਂ ਬਾਅਦ ਹੁਣ ਤਾਜ਼ਾ ਗੱਲਬਾਤ ਬਾਰੇ ਭਾਰਤ ਵੱਲੋਂ ਇੱਕ ਬਿਆਨ ਜਾਰੀ ਕਰ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਬੁੱਧਵਾਰ ਨੂੰ ਜਸਟਿਨ ਟਰੂਡੋ ਨੂੰ ਭਰੋਸਾ ਦਿੱਤਾ ਕਿ ਭਾਰਤ ਕੈਨੇਡਾ ਦੇ ਟੀਕਾਕਰਨ ਦੇ ਯਤਨਾਂ ਦਾ ਪੂਰਾ ਸਮਰਥਨ ਕਰੇਗਾ।
ਇਸ ਬਿਆਨ ਅਨੁਸਾਰ ਟਰੂਡੋ ਨੇ ਕਿਹਾ ਕਿ ਭਾਰਤ ਦੀ ਬੇਮਿਸਾਲ ਚਿਕਿਤਸਕ ਸੰਭਾਵਨਾ ਕੋਵਿਡ-19 ਵਿਰੁੱਧ ਲੜਾਈ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗੀ । ਉਨ੍ਹਾਂ ਵੱਲੋਂ ਭਾਰਤ ਦੀ ਇਸ ਸੰਭਾਵਨਾ ਨੂੰ ਵਿਸ਼ਵ ਨਾਲ ਸਾਂਝਾ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੀ ਸ਼ਲਾਘਾ ਵੀ ਕੀਤੀ ਗਈ ਹੈ ।
ਦੱਸ ਦੇਈਏ ਕਿ ਭਾਰਤ ਵੱਲੋਂ ਜਾਰੀ ਕੀਤੇ ਗਏ ਪੂਰੇ ਬਿਆਨ ਵਿੱਚ ਕਿਤੇ ਵੀ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਕਿਸਾਨਾਂ ਦੇ ਮੁੱਦੇ ਨੂੰ ਚੁੱਕਣ ਦਾ ਕੋਈ ਜ਼ਿਕਰ ਨਹੀਂ ਹੈ । ਪਰ ਉੱਥੇ ਹੀ ਦੂਜੇ ਪਾਸੇ ਕੈਨੇਡੀਅਨ ਪ੍ਰਧਾਨ ਮੰਤਰੀ ਵੱਲੋਂ ਬਿਆਨ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਟਰੂਡੋ ਨੇ ਪੀਐਮ ਮੋਦੀ ਕੋਲ ਕਿਸਾਨ ਅੰਦੋਲਨ ਦਾ ਮੁੱਦਾ ਚੁੱਕਿਆ ਸੀ । ਕੈਨੇਡਾ ਨੇ ਆਪਣੇ ਬਿਆਨ ਵਿੱਚ ਕਿਹਾ, “ਦੋਹਾਂ ਨੇਤਾਵਾਂ ਨੇ ਕੈਨੇਡਾ ਤੇ ਭਾਰਤ ਦੇ ਲੋਕਤੰਤਰੀ ਸਿਧਾਂਤਾਂ, ਤਾਜ਼ਾ ਪ੍ਰਦਰਸ਼ਨ ਤੇ ਆਪਣੀ ਗੱਲਬਾਤ ਰਾਹੀਂ ਮੇਲ-ਮਿਲਾਪ ਦੀ ਮਹੱਤਤਾ ਬਾਰੇ ਵਿਚਾਰ ਵਟਾਂਦਰੇ ਕੀਤੇ।”
ਇਹ ਵੀ ਦੇਖੋ: ਹਰਿਆਣਵੀਆਂ ਦੇ ਵੱਡੇ ਜਿਗਰੇ, 70 ਲੱਖ ਦੀਆਂ ਦੇਸੀ ਘੀ ਦੀਆਂ ਕਿਸਾਨਾਂ ਨੂੰ ਖਵਾਤੀਆਂ ਜਲੇਬੀਆਂ