Canada finance minister resigns: ਟੋਰਾਂਟੋ: ਕੋਰੋਨਾ ਮਹਾਂਮਾਰੀ ਵਿਚਾਲੇ ਕੈਨੇਡਾ ਦੇ ਵਿੱਤ ਮੰਤਰੀ ਬਿੱਲ ਮਾਰਨਿਊ ਨੇ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਅਸਤੀਫ਼ੇ ਤੋਂ ਬਾਅਦ ਵਿੱਤ ਮੰਤਰੀ ਨੇ ਕਿਹਾ ਹੈ ਕਿ ਉਹ ਸਰਗਰਮ ਸਿਆਸਤ ਤੋਂ ਸੰਨਿਆਸ ਲੈ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਹ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ ਵਿੱਚ ਆਪਣੀ ਦਿਲਚਸਪੀ ਰੱਖਦੇ ਹਨ ਅਤੇ ਉਹ ਇਸ ਦੀ ਅਗਵਾਈ ਲਈ ਆਪਣਾ ਨਾਂ ਅੱਗੇ ਰੱਖਣਗੇ । ਮਾਰਨਿਊ ਦੇ ਅਸਤੀਫ਼ੇ ਤੋਂ ਬਾਅਦ ਦੇਸ਼ ਵਿੱਚ ਸਿਆਸਤ ਗਰਮਾ ਗਈ ਹੈ। ਬਿੱਲ ਮਾਰਨਿਊ ਦੇ ਅਸਤੀਫ਼ੇ ਪਿੱਛੇ ਸੱਤਾ ਧਿਰ ਅਤੇ ਵਿਰੋਧੀ ਧਿਰ ਦੇ ਆਪੋ-ਆਪਣੇ ਤਰਕ ਸਾਹਮਣੇ ਆ ਰਹੇ ਹਨ। ਇਨ੍ਹਾਂ ਸਭ ਦੌਰਾਨ ਖ਼ਾਸ ਗੱਲ ਇਹ ਹੈ ਕਿ ਕੈਨੇਡਾ ਦੇ ਵਿੱਤ ਮੰਤਰੀ ਦਾ ਅਸਤੀਫ਼ਾ ਅਜਿਹੇ ਸਮੇਂ ਆਇਆ ਹੈ, ਜਦੋਂ ਪੂਰਾ ਦੇਸ਼ ਕੋਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ।
ਉੱਥੇ ਹੀ ਦੂਜੇ ਪਾਸੇ ਦੂਜੇ ਪਾਸੇ ਮਾਰਨਿਊ ਦੇ ਅਸਤੀਫੇ ਤੋਂ ਬਾਅਦ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਵਿੱਤ ਮੰਤਰੀ ਦਾ ਅਸਤੀਫ਼ਾ ਇੱਕ ਚੈਰੀਟੀ ਘੁਟਾਲੇ ਦੇ ਮਾਮਲੇ ਵਿੱਚ ਆਇਆ ਹੈ। ਹਾਲਾਂਕਿ, ਵਿਰੋਧੀ ਧਿਰ ਦਾ ਕਹਿਣਾ ਹੈ ਕਿ ਸਰਕਾਰ ਅਸਲ ਚੀਜ਼ ਨੂੰ ਲੁਕਾ ਰਹੀ ਹੈ, ਕਿਉਂਕਿ ਇਸ ਘੁਟਾਲੇ ਦੀ ਜਾਂਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੱਕ ਪਹੁੰਚ ਰਹੀ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਟਰੂਡੋ ਦੇ ਪਰਿਵਾਰ ਨੇ ਜਿਸ ਸੰਸਥਾ ਲਈ ਕੰਮ ਕੀਤਾ ਹੈ, ਉਹ ਜਾਂਚ ਦੇ ਦਾਇਰੇ ਵਿੱਚ ਹੈ। ਉਸ ‘ਤੇ ਕਰੀਬ ਇੱਕ ਅਰਬ ਡਾਲਰ ਦੇ ਘੁਟਾਲੇ ਦਾ ਦੋਸ਼ ਹੈ।