ਪੂਰੀ ਦੁਨੀਆ ਵਿੱਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ। ਜਿਸ ਦੇ ਮੱਦੇਨਜ਼ਰ ਬਹੁਤ ਸਾਰੇ ਦੇਸ਼ਾਂ ਵੱਲੋਂ ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸੇ ਵਿਚਾਲੇ ਕੈਨੇਡਾ ਸਰਕਾਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ।
ਜਿਸਦੇ ਤਹਿਤ ਕੈਨੇਡਾ ਵਿੱਚ ਪੂਰੀ ਤਰ੍ਹਾਂ ਵੈਕਸੀਨੇਟ ਲੋਕਾਂ ਨੂੰ ਹੁਣ ਦੇਸ਼ ਵਾਪਸ ਆਉਣ ‘ਤੇ ਦੋ ਹਫ਼ਤਿਆਂ ਦੇ ਜ਼ਰੂਰੀ ਕੁਆਰੰਟੀਨ ਪੀਰੀਅਡ ਤੋਂ ਛੋਟ ਦਿੱਤੀ ਜਾਵੇਗੀ। ਪਰ ਇਸਦੇ ਲਈ ਉਨ੍ਹਾਂ ਨੂੰ ਕੋਵਿਡ ਨੈਗੇਟਿਵ ਟੈਸਟ ਦਿਖਾਉਣੀ ਪਵੇਗੀ। ਕੈਨੇਡਾ ਵਾਪਸ ਆਉਣ ਵਾਲੇ ਕੈਨੇਡੀਅਨਾਂ ਅਤੇ ਸਥਾਈ ਵਸਨੀਕਾਂ ਨੂੰ ਪਹੁੰਚਣ ਤੋਂ 14 ਦਿਨ ਪਹਿਲਾਂ ਜਾਂ ਇਸ ਤੋਂ ਵੱਧ ਸਮੇਂ ਲਈ ਪੂਰੀ ਤਰ੍ਹਾਂ ਵੈਕਸੀਨੇਟ ਹੋਣਾ ਲਾਜ਼ਮੀ ਹੋਵੇਗਾ। ਸਰਹੱਦੀ ਪਾਬੰਦੀਆਂ ਵਿੱਚ ਢਿੱਲ ਦੇਣ ਦਾ ਪਹਿਲਾ ਪੜਾਅ 5 ਜੁਲਾਈ ਤੋਂ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ: ਵੱਡੀ ਖਬਰ : ਜੰਮੂ-ਕਸ਼ਮੀਰ ਸਬੰਧੀ ਪ੍ਰਧਾਨ ਮੰਤਰੀ ਮੋਦੀ ਦੀ ਬੈਠਕ ‘ਚ ਸ਼ਾਮਿਲ ਹੋਣਗੇ ਗੁਪਕਾਰ ਆਗੂ
ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਪਹੁੰਚਣ ਵਾਲੇ ਯਾਤਰੀਆਂ ਨੂੰ ਕੈਨੇਡਾ ਵੱਲੋਂ ਮਨਜ਼ੂਰ ਕੀਤੀਆਂ ਗਈਆਂ ਵੈਕਸੀਨ ਦੀਆਂ ਦੋ ਡੋਜ਼ ਲੈਣਾ ਜ਼ਰੂਰੀ ਹੈ। ਆਉਣ ਤੋਂ 72 ਘੰਟੇ ਪਹਿਲਾਂ ਦੀ ਕੋਰੋਨਾ ਨੈਗੇਟਿਵ ਰਿਪੋਰਟ ਲਾਜ਼ਮੀ ਹੈ। ਇਥੇ ਪਹੁੰਚਣ ‘ਤੇ ਦੂਜਾ ਟੈਸਟ ਕਰਵਾਉਣ ਤੋਂ ਬਾਅਦ ਵੀ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਹੋਣੀ ਚਾਹੀਦੀ ਹੈ ਅਤੇ ਜੇ ਉਹ ਪਾਜ਼ੀਟਿਵ ਪਾਏ ਜਾਂਦੇ ਹਨ ਤਾਂ ਉਨ੍ਹਾਂ ਕੋਲ ਕੁਆਰੰਟੀਨ ਹੋਣ ਦੀ ਯੋਜਨਾ ਹੋਣੀ ਚਾਹੀਦੀ ਹੈ।
ਇਸ ਸਬੰਧੀ ਜਨਤਕ ਸੁਰੱਖਿਆ ਮੰਤਰੀ ਬਿਲ ਬਲੇਅਰ ਨੇ ਕਿਹਾ ਕਿ ਸਰਹੱਦੀ ਉਪਾਆਂ ਵਿੱਚ ਢਿੱਲ ਦੇਣ ਦੇ ਪਹਿਲੇ ਪੜਾਅ ਵਿੱਚ ਕੈਨੇਡਾ ਵਿੱਚ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ ‘ਤੇ ਪਾਬੰਦੀ ਰਹਿਣ ਵਾਲੀ ਹੈ ਜੋ ਗੈਰ-ਜ਼ਰੂਰੀ ਕਾਰਨਾਂ ਕਰਕੇ ਕੈਨੇਡਾ ਦੀ ਯਾਤਰਾ ਕਰਨਾ ਚਾਹੁੰਦੇ ਹਨ।
ਇਹ ਵੀ ਪੜ੍ਹੋ: ਕੀ ਸੁਲਝੇਗਾ ਪੰਜਾਬ ਕਾਂਗਰਸ ਦਾ ਕਲੇਸ਼? ਕੈਪਟਨ ਅਮਰਿੰਦਰ ਸਿੰਘ ਸੋਨੀਆ ਗਾਂਧੀ ਨਾਲ ਅੱਜ ਕਰਨਗੇ ਮੁਲਾਕਾਤ
ਇਸ ਤੋਂ ਇਲਾਵਾ ਟ੍ਰਾਂਸਪੋਰਟ ਮੰਤਰੀ ਉਮਰ ਅਲਘਬਰਾ ਨੇ ਇਹ ਵੀ ਕਿਹਾ ਕਿ ਕੈਨੇਡਾ ਅਤੇ ਭਾਰਤ ਵਿਚਾਲੇ ਉਡਾਣਾਂ ਦੀ ਪਾਬੰਦੀ 21 ਜੁਲਾਈ ਤੱਕ ਲਾਗੂ ਰਹੇਗੀ, ਪਰ ਪਾਕਿਸਤਾਨ ‘ਤੇ ਲਗਾਈ ਗਈ ਉਡਾਣਾਂ ਦੀ ਪਾਬੰਦੀ ਹਟਾ ਦਿੱਤੀ ਜਾਵੇਗੀ । ਕੋਰੋਨਾ ਦੇ ਡੈਲਟਾ ਵੇਰੀਐਂਟ ਦੇ ਕਾਰਨ ਕੋਵਿਡ-19 ਮਾਮਲਿਆਂ ਵਿੱਚ ਵਾਧਾ ਦੇਖਣ ਨੂੰ ਮਿਲਿਆ ਸੀ, ਜਿਸ ਤੋਂ ਬਾਅਦ ਫਲਾਈਟ ਪਾਬੰਦੀ ਲਾਗੂ ਕੀਤੀ ਗਈ ਸੀ।
ਦੱਸ ਦੇਈਏ ਕਿ ਇਸ ਦੇ ਨਾਲ ਹੀ ਕੈਨੇਡੀਅਨ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਵੀ ਟਵੀਟ ਕਰਕੇ ਕਿਹਾ, ‘ਜੋ ਕੈਨੇਡਾ ਵਿੱਚ ਦਾਖਲ ਹੋਣਾ ਚਾਹੁੰਦੇ ਹਨ ਉਹ ਪੂਰੀ ਤਰ੍ਹਾਂ ਵੈਕਸੀਨੇਟਡ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ, ਜੇ ਤੁਸੀਂ ਸਾਰੀਆਂ ਲੋੜੀਂਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹੋ, ਤਾਂ ਤੁਹਾਨੂੰ 5 ਜੁਲਾਈ ਤੋਂ ਕੁਆਰੰਟੀਨ ਹੋਣ ਦੀ ਜ਼ਰੂਰਤ ਨਹੀਂ ਹੋਵੇਗੀ।