ਕੈਨੇਡਾ ਨੇ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ ‘ਤੇ ਲੱਗੀ ਪਾਬੰਦੀ ਨੂੰ ਹਟਾ ਦਿੱਤਾ ਹੈ। ਹੁਣ 27 ਸਤੰਬਰ ਤੋਂ ਮੁੜ ਤੋਂ ਕੈਨੇਡਾ ਲਈ ਭਾਰਤੀ ਉਡਾਣਾਂ ਉਡਾਣ ਭਰ ਸਕਣਗੀਆਂ।
ਜ਼ਿਕਰਯੋਗ ਹੈ ਕਿ ਕੋਰੋਨਾ ਸੰਕ੍ਰਮਣ ਕਾਰਨ ਕਈ ਮਹੀਨਿਆਂ ਤੋਂ ਇਹ ਰੋਕ ਲੱਗੀ ਹੋਈ ਸੀ। ਆਖਰੀ ਵਾਰ ਉਡਾਣਾਂ ‘ਤੇ ਇਸ ਪਾਬੰਦੀ ਨੂੰ 26 ਸਤੰਬਰ ਲਈ ਵਧਾ ਦਿੱਤਾ ਗਿਆ ਸੀ, ਪਰ ਹੁਣ ਉੱਥੋਂ ਦੀ ਸਰਕਾਰ ਨੇ ਪਾਬੰਦੀਆਂ ਵਿੱਚ ਢਿੱਲ ਦੇ ਦਿੱਤੀ ਹੈ।
ਹਾਲਾਂਕਿ ਇਸ ਵਿਚਾਲੇ ਕੈਨੇਡਾ ਜਾਣ ਵਾਲੇ ਭਾਰਤੀ ਯਾਤਰੀਆਂ ਲਈ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਹਨ। ਕੈਨੇਡਾ ਸਰਕਾਰ ਅਨੁਸਾਰ ਜੇਕਰ ਕੋਈ ਯਾਤਰੀ ਇਨ੍ਹਾਂ ਸ਼ਰਤਾਂ ‘ਤੇ ਖਰਾ ਨਹੀਂ ਉਤਰਦਾ ਤਾਂ ਉਸ ਨੂੰ ਏਅਰਲਾਈਨ ਕੰਪਨੀ ਮਨ੍ਹਾਂ ਕਰ ਸਕਦੀ ਹੈ।
ਇਸ ਤੋਂ ਇਲਾਵਾ ਕੈਨੇਡਾ ਆਉਣ ਵਾਲੇ ਭਾਰਤੀ ਯਾਤਰੀਆਂ ਨੂੰ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਸਥਿਤ ਲੈਬ ਤੋਂ ਕੋਰੋਨਾ ਦੀ ਨੈਗੇਟਿਵ ਰਿਪੋਰਟ ਲਿਆਉਣੀ ਪਵੇਗੀ। ਇਹ ਟੈਸਟ ਉਡਾਣ ਤੋਂ 18 ਘੰਟੇ ਪਹਿਲਾਂ ਕਰਵਾਉਣਾ ਪਵੇਗਾ।
ਬੋਰਡਿੰਗ ਤੋਂ ਪਹਿਲਾਂ ਏਅਰ ਆਪ੍ਰੇਟਰ ਵੱਲੋਂ ਇਸ ਟੈਸਟ ਰਿਪੋਰਟ ਦੀ ਜਾਂਚ ਕੀਤੀ ਜਾਵੇਗੀ, ਤਾਂ ਜੋ ਤੈਅ ਕੀਤਾ ਜਾ ਸਕੇ ਕਿ ਇਹ ਯਾਤਰੀ ਕੈਨੇਡਾ ਜਾਣ ਦੇ ਯੋਗ ਹੈ ਜਾਂ ਨਹੀਂ। ਉੱਥੇ ਹੀ ਦੂਜੇ ਪਾਸੇ ਜੇਕਰ ਕੋਈ ਯਾਤਰੀ ਭਾਰਤ ਤੋਂ ਬਾਹਰ ਕਿਸੇ ਦੂਜੇ ਦੇਸ਼ ਵਿੱਚ ਰਹਿ ਰਿਹਾ ਹੈ ਤੇ ਉਹ ਉੱਥੋਂ ਕੈਨੇਡਾ ਜਾਣਾ ਚਾਹੁੰਦਾ ਹੈ ਤਾਂ ਉਸਦੇ ਲਈ ਵੀ ਕੁਝ ਨਿਯਮ ਬਣਾਏ ਗਏ ਹਨ। ਅਜਿਹੇ ਵਿੱਚ ਉਨ੍ਹਾਂ ਯਾਤਰੀਆਂ ਨੂੰ ਵੀ ਕੈਨੇਡਾ ਆਉਣ ਤੋਂ ਪਹਿਲਾਂ ਕੋਰੋਨਾ ਦੀ ਨੈਗੇਟਿਵ ਰਿਪੋਰਟ ਲਿਆਉਣੀ ਪਵੇਗੀ। ਇਸ ਤਰ੍ਹਾਂ ਜੇਕਰ ਕੋਈ ਯਾਤਰੀ ਦੂਜੇ ਕਿਸੇ ਦੇਸ਼ ਤੋਂ ਕੈਨੇਡਾ ਆਉਣ ਦੌਰਾਨ ਕੋਰੋਨਾ ਪੀੜਤ ਹੋ ਜਾਂਦਾ ਹੈ ਤਾਂ ਉਸਨੂੰ ,ਕੁਆਰੰਟੀਨ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।