ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਓਂਟਾਰੀਓ ਸੂਬੇ ਵਿੱਚ ਪਾਕਿਸਤਾਨੀ ਮੂਲ ਦੇ ਮੁਸਲਿਮ ਪਰਿਵਾਰ ਦੇ ਕਤਲ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ । ਜਦਕਿ ਇਸ ਕਤਲ ‘ਤੇ ਦੁੱਖ ਜ਼ਾਹਿਰ ਕਰਦਿਆਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਨੂੰ ਇਸਲਾਮੋਫੋਬੀਆ ਦੱਸਿਆ ਹੈ ਅਤੇ ਕਿਹਾ ਹੈ ਕਿ ਇਸ ਦਾ ਮੁਕਾਬਲਾ ਕਰਨ ਲਈ ਦੁਨੀਆ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ ।
ਇਸ ਤੋਂ ਅੱਗੇ ਇਮਰਾਨ ਖਾਨ ਨੇ ਇਸ ਘਟਨਾ ‘ਤੇ ਦੁੱਖ ਜ਼ਾਹਿਰ ਕਰਦਿਆਂ ਇੱਕ ਟਵੀਟ ਵੀ ਕੀਤਾ । ਉਨ੍ਹਾਂ ਨੇ ਇਸ ਘਟਨਾ ਸਬੰਧੀ ਟਵੀਟ ਕਰਦਿਆਂ ਲਿਖਿਆ ਕਿ ਲੰਡਨ, ਓਂਟਾਰੀਓ ਵਿੱਚ ਇੱਕ ਮੁਸਲਿਮ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਪਰਿਵਾਰ ਦੇ ਕਤਲ ਦੇ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਹੈ ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਟਰੱਕ ਡਰਾਈਵਰ ਨੇ ਇੱਕ ਮੁਸਲਿਮ ਪਰਿਵਾਰ ਤੇ ਟਰੱਕ ਚੜ੍ਹਾ ਦਿੱਤਾ, ਜਿਸ ਵਿੱਚ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ । ਪ੍ਰਧਾਨ ਮੰਤਰੀ ਟਰੂਡੋ ਨੇ ਹਾਊਸ ਆਫ ਕਾਮਨਜ਼ ਯਾਨੀ ਕਿ ਸੰਸਦ ਵਿਚ ਬਿਆਨ ਦਿੰਦੇ ਹੋਏ ਕਿਹਾ ਕਿ ਇਹ ਕੋਈ ਦੁਰਘਟਨਾ ਨਹੀਂ ਸੀ। ਇਹ ਸਾਡੇ ਭਾਈਚਾਰਿਆਂ ਵਿੱਚੋਂ ਇੱਕ ਦੇ ਦਿਲ ਵਿੱਚ ਨਫਰਤ ਨਾਲ ਭਰਪੂਰ ਅੱਤਵਾਦੀ ਹਮਲਾ ਸੀ ।
ਟਰੂਡੋ ਨੇ ਸੱਜੇ ਪੱਖੀ ਸਮੂਹਾਂ ਨਾਲ ਹੋਰ ਸਖ਼ਤੀ ਨਾਲ ਨਜਿੱਠਣ ਦਾ ਵਾਅਦਾ ਕਰਦਿਆਂ ਕਿਹਾ ਕਿ ਅਸੀਂ ਆਨਲਾਈਨ ਅਤੇ ਆਫਲਾਈਨ ਨਫਰਤ ਨਾਲ ਲੜਨਾ ਜਾਰੀ ਰੱਖਾਂਗੇ । ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਕੈਨੇਡਾ ਦੀ ਅੱਤਵਾਦੀ ਸੂਚੀ ਵਿੱਚ ਸ਼ਾਮਿਲ ਕੀਤਾ ਜਾਵੇਗਾ ।
ਫਿਲਹਾਲ ਮੁਸਲਿਮ ਪਰਿਵਾਰ ‘ਤੇ ਹਮਲੇ ਦੇ 20 ਸਾਲ ਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਸ਼ੱਕੀ ਸ਼ਖਸ ‘ਤੇ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਦੋਸ਼ ਹਨ । ਅਧਿਕਾਰੀਆਂ ਨੇ ਪਹਿਲਾਂ ਹੀ ਕਿਹਾ ਹੈ ਕਿ ਕੈਨੇਡਾ ਦੇ ਮੱਧ ਓਂਟਾਰੀਓ ਸੂਬੇ ਦੇ ਸਿਟੀ ਆਫ ਦੀ ਲੰਡਨ ਵਿੱਚ ਐਤਵਾਰ ਸ਼ਾਮ ਦੀ ਘਟਨਾ ਪਹਿਲਾਂ ਤੋਂ ਨਿਯੋਜਿਤ ਅਤੇ ਨਫਰਤ ਨਾਲ ਪ੍ਰੇਰਿਤ ਸੀ ।
ਇੱਕ ਰਿਪੋਰਟ ਅਨੁਸਾਰ ਪੁਲਿਸ ਨੇ ਦੱਸਿਆ ਕਿ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਪਰਿਵਾਰ ਦੇ ਪੰਜ ਮੈਂਬਰ ਫੁਟਪਾਥ ‘ਤੇ ਇਕੱਠੇ ਜਾ ਰਹੇ ਸੀ । ਇੱਕ ਕਾਲੇ ਰੰਗ ਦੇ ਪਿਕਅੱਪ ਟਰੱਕ ਡਰਾਈਵਰ ਨੇ ਚੌਰਾਹੇ ਨੂੰ ਪਾਰ ਕਰਨ ਲਈ ਇੰਤਜ਼ਾਰ ਕਰ ਰਹੇ ਪਰਿਵਾਰ ਦੇ ਮੈਂਬਰਾਂ ‘ਤੇ ਟਰੱਕ ਚੜ੍ਹਾ ਦਿੱਤਾ । ਸਿਟੀ ਆਫ ਦੀ ਲੰਡਨ ਦੇ ਮੇਅਰ ਐਂਡ ਹੋਲਡਰ ਅਨੁਸਾਰ ਮਾਰੇ ਗਏ ਚਾਰੇ ਲੋਕ ਇੱਕ ਹੀ ਪਰਿਵਾਰ ਦੇ ਸਨ । ਹਮਲੇ ਵਿਚ ਬੁਰੀ ਤਰ੍ਹਾਂ ਜ਼ਖਮੀ 9 ਸਾਲ ਦੇ ਬੱਚੇ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਿਸ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ।
ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ, “ਸਾਨੂੰ ਸਾਰਿਆਂ ਨੂੰ ਆਸ ਹੈ ਕਿ ਜ਼ਖਮੀ ਛੋਟਾ ਬੱਚਾ ਜਲਦੀ ਠੀਕ ਹੋ ਜਾਵੇਗਾ । ਅਸੀਂ ਜਾਣਦੇ ਹਾਂ ਕਿ ਇਹ ਬੱਚਾ ਇਸ ਕਾਇਰਤਾ ਭਰਪੂਰ ਇਸਲਾਮੋਫੋਬਿਕ ਹਮਲੇ ਕਾਰਨ ਦੁੱਖ ਅਤੇ ਗੁੱਸੇ ਨਾਲ ਜਿਉਂਦਾ ਰਹੇਗਾ।”
ਇਸ ਤੋਂ ਇਲਾਵਾ ਕੈਨੇਡਾ ਦੇ ਜਨ ਸੁਰੱਖਿਆ ਮੰਤਰੀ ਬਿਲ ਬਲੇਅਰ ਨੇ ਇਸ ਹਮਲੇ ਨੂੰ ਇਸਲਾਮੋਫੋਬੀਆ ਦੀ ਭਿਆਨਕ ਕਾਰਵਾਈ ਕਰਾਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਪਰਿਵਾਰ ਨੂੰ ਉਨ੍ਹਾਂ ਦੇ ਧਰਮ ਕਾਰਨ ਨਿਸ਼ਾਨਾ ਬਣਾਇਆ ਗਿਆ ਅਤੇ ਹਮਲਾਵਰ ਮੁਸਲਿਮਾਂ ਖ਼ਿਲਾਫ਼ ਨਫਰਤ ਤੋਂ ਪ੍ਰੇਰਿਤ ਸੀ। ਦੱਸ ਦੇਈਏ ਕਿ ਇਸ ਮਾਮਲੇ ਮੁਸਲਿਮ ਭਾਈਚਾਰੇ ਦੇ ਕਈ ਨੇਤਾਵਾਂ ਨੇ ਅਦਾਲਤਾਂ ਤੋਂ ਇਸ ਮਾਮਲੇ ਨੂੰ ਅੱਤਵਾਦੀ ਘਟਨਾ ਦੇ ਰੂਪ ਵਿੱਚ ਪੇਸ਼ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਦੇਖੋ: ਰਹੱਸਮਈ ਕਹਾਣੀ, ਚੰਡੀਗੜ੍ਹ ਤੋਂ ਦਿੱਲੀ ਜਾਂਦਾ ਪਰਿਵਾਰ ਲਾਪਤਾ ! ਆਖਿਰ ਪਰਿਵਾਰ ਕਿੱਥੇ ਹੋਇਆ ਗਾਇਬ ?