ਚੀਨ ਵਿੱਚ ਕੋਰੋਨਾ ਵਾਇਰਸ ਦੀ ਚੌਥੀ ਲਹਿਰ ਕਾਰਨ ਦਹਿਸ਼ਤ ਦਾ ਮਾਹੌਲ ਹੈ ਅਤੇ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਸ਼ੰਘਾਈ ਵਿੱਚ 2.6 ਕਰੋੜ ਲੋਕ ਤਾਲਾਬੰਦੀ ਵਿੱਚ ਰਹਿਣ ਲਈ ਮਜਬੂਰ ਹੋ ਗਏ ਹਨ। ਸ਼ੰਘਾਈ ਸ਼ਹਿਰ ਵਿੱਚ ਰਿਕਾਰਡ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਚੀਨ ਦੀ ਸਰਕਾਰ ਨੇ ਲਾਕਡਾਊਨ ਲਗਾਉਣ ਦਾ ਫ਼ੈਸਲਾ ਕੀਤਾ ਹੈ। ਐਤਵਾਰ ਨੂੰ ਸ਼ੰਘਾਈ ਵਿੱਚ ਕੋਰੋਨਾ ਦੇ 3,450 ਮਾਮਲੇ ਸਾਹਮਣੇ ਆਏ, ਜੋ ਦੇਸ਼ ਦੇ ਕੁੱਲ ਮਾਮਲਿਆਂ ਦਾ 70 ਫੀਸਦੀ ਹੈ। ਇਸ ਲਾਕਡਾਊਨ ਤਹਿਤ ਅਗਲੇ 9 ਦਿਨਾਂ ਤੱਕ ਸ਼ੰਘਾਈ ਸ਼ਹਿਰ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਵੇਗਾ ਅਤੇ ਉਸ ਤੋਂ ਬਾਅਦ ਵੱਡੇ ਪੱਧਰ ‘ਤੇ ਲੋਕਾਂ ਦੀ ਜਾਂਚ ਕੀਤੀ ਜਾਵੇਗੀ।
ਸ਼ੰਘਾਈ ਦੇ ਵਿੱਤੀ ਜ਼ਿਲ੍ਹੇ ਪੁਡੋਂਗ ਅਤੇ ਇਸ ਦੇ ਆਸਪਾਸ ਦੇ ਖੇਤਰ ਵਿੱਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਲਾਕਡਾਊਨ ਲਗਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਲਾਕਡਾਊਨ ਦਾ ਦੂਜਾ ਪੜਾਅ ਸ਼ੁਰੂ ਹੋਵੇਗਾ, ਜਿਸ ਦੇ ਤਹਿਤ ਸ਼ੁੱਕਰਵਾਰ ਤੋਂ ਹੁਆਂਗਪੂ ਨਦੀ ਦੇ ਹੇਠਲੇ ਖੇਤਰ ਵਿੱਚ ਲਾਕਡਾਊਨ ਸ਼ੁਰੂ ਹੋਵੇਗਾ । ਚੀਨ ਦੇ ਇਸ ਫ਼ੈਸਲੇ ਨਾਲ ਦੇਸ਼ ਦੀ ਆਰਥਿਕ ਸਿਹਤ ‘ਤੇ ਬੁਰਾ ਪ੍ਰਭਾਵ ਪੈ ਸਕਦਾ ਹੈ । ਇਸ ਲਾਕਡਾਊਨ ਦੌਰਾਨ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਹਦਾਇਤ ਦਿੱਤੀ ਗਈ ਹੈ। ਇਸ ਦੌਰਾਨ ਚੈੱਕਪੁਆਇੰਟ ‘ਤੇ ਸਮਾਨ ਰੱਖਿਆ ਜਾਵੇਗਾ ਤਾਂ ਜੋ ਕੋਈ ਕਿਸੇ ਨਾਲ ਸੰਪਰਕ ਨਾ ਕਰ ਸਕੇ।
ਇਹ ਵੀ ਪੜ੍ਹੋ: ਚੰਡੀਗੜ੍ਹ ‘ਚ ਕੇਂਦਰੀ ਸੇਵਾ ਨਿਯਮ ਲਾਗੂ ‘ਤੇ ਖਹਿਰਾ ਬੋਲੇ-‘ਪੰਜਾਬ ਦੇ ਅਧਿਕਾਰਾਂ ‘ਤੇ ਡਾਕਾ ਮਾਰਿਆ’
ਚੀਨ ਸਰਕਾਰ ਵੱਲੋਂ ਆਦੇਸ਼ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਲਾਕਡਾਊਨ ਦੌਰਾਨ ਜਿਹੜੇ ਵੀ ਦਫ਼ਤਰ ਜ਼ਰੂਰੀ ਨਹੀਂ ਹਨ, ਉਹ ਬੰਦ ਰਹਿਣਗੇ। ਨਾਲ ਹੀ ਜਨਤਕ ਆਵਾਜਾਈ ਵੀ ਬੰਦ ਰਹੇਗੀ। ਚੀਨ ਨੇ ਇਹ ਐਲਾਨ ਅਜਿਹੇ ਸਮੇਂ ਕੀਤਾ ਹੈ ਜਦੋਂ ਸ਼ੰਘਾਈ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਹਿਲਾਂ ਹੀ ਲਾਕਡਾਊਨ ਲਾਗੂ ਹੈ। ਇਨ੍ਹਾਂ ਖੇਤਰਾਂ ਵਿੱਚ ਸਥਾਨਕ ਲੋਕਾਂ ਨੂੰ ਕਈ ਵਾਰ ਕੋਰੋਨਾ ਟੈਸਟ ਕਰਵਾ ਕੇ ਆਪਣੀ ਰਿਪੋਰਟ ਦੇਣੀ ਪੈਂਦੀ ਹੈ। ਇਸ ਤੋਂ ਪਹਿਲਾਂ ਸ਼ੰਘਾਈ ਵਿੱਚ ਡਿਜ਼ਨੀ ਥੀਮ ਪਾਰਕ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਮਹੀਨੇ ਚੀਨ ਵਿੱਚ 56 ਹਜ਼ਾਰ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ।
ਵੀਡੀਓ ਲਈ ਕਲਿੱਕ ਕਰੋ -: