china reaction on rafale: ਰਾਫੇਲ ਦੇ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਚੀਨ ਅਤੇ ਪਾਕਿਸਤਾਨ ਹੜਬੜਾ ਗਏ ਹਨ। ਪਾਕਿਸਤਾਨ ਨੇ ਜਿੱਥੇ ਵਿਸ਼ਵ ਭਾਈਚਾਰੇ ਨੂੰ ਅਪੀਲ ਕੀਤੀ ਹੈ, ਉਥੇ ਹੀ ਚੀਨ ਨੇ ਹੁਣ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਰਾਜਨਾਥ ਸਿੰਘ ਦੀ ਟਿੱਪਣੀ ‘ਤੇ ਕਿਹਾ ਕਿ ਇਸ ਨਾਲ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਆਵੇਗੀ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੈਨਬਿਨ ਤੋਂ ਜਦੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਟਿੱਪਣੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ, “ਸਾਨੂੰ ਉਮੀਦ ਹੈ ਕਿ ਭਾਰਤ ਵਿੱਚ ਸਬੰਧਿਤ ਲੋਕਾਂ ਦੀਆਂ ਟਿਪਣੀਆਂ ਖੇਤਰੀ ਸ਼ਾਂਤੀ ਅਤੇ ਸਥਿਰਤਾ ਨੂੰ ਲਾਭ ਪਹੁੰਚਾ ਸਕਦੀਆਂ ਹਨ।” ਦਰਅਸਲ, ਬੁੱਧਵਾਰ ਨੂੰ ਰਾਫੇਲ ਜਹਾਜ਼ਾਂ ਦੇ ਭਾਰਤ ਵਿੱਚ ਉਤਰਨ ਤੋਂ ਬਾਅਦ ਰਾਜਨਾਥ ਸਿੰਘ ਨੇ ਕਈ ਟਵੀਟ ਕੀਤੇ ਸਨ।
ਉਨ੍ਹਾਂ ਕਿਹਾ ਕਿ, “ਰਾਫੇਲ ਜਹਾਜ਼ਾਂ ਦਾ ਭਾਰਤ ਵਿੱਚ ਪਹੁੰਚਣਾ ਸਾਡੇ ਸੈਨਿਕ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ। ਇਹ ਮਲਟੀਰੋਲ ਏਅਰਕ੍ਰਾਫਟ ਨਿਸ਼ਚਤ ਤੌਰ ‘ਤੇ ਸਾਡੀ ਹਵਾਈ ਸੈਨਾ ਦੀ ਤਾਕਤ ਨੂੰ ਵਧਾਉਣਗੇ। ਰਾਜਨਾਥ ਨੇ ਇਹ ਵੀ ਕਿਹਾ ਕਿ ਜਿਹੜੇ ਲੋਕ ਸਾਡੀ ਖੇਤਰੀ ਅਖੰਡਤਾ ਨੂੰ ਚੁਣੌਤੀ ਦੇਣਾ ਚਾਹੁੰਦੇ ਹਨ, ਉਨ੍ਹਾਂ ਨੂੰ ਹਵਾਈ ਸੈਨਾ ਦੀ ਇਸ ਨਵੀਂ ਸਮਰੱਥਾ ਨਾਲ ਚਿੰਤਿਤ ਹੋਣਾ ਚਾਹੀਦਾ ਹੈ।” ਇਸ ਚੀਨੀ ਪ੍ਰਤੀਕ੍ਰਿਆ ਤੋਂ ਪਹਿਲਾਂ ਉਸ ਦੇ ਦੋਸਤ ਪਾਕਿਸਤਾਨ ਨੇ ਵੀ ਰਾਫੇਲ ਬਾਰੇ ਬਿਆਨ ਦਿੱਤਾ ਸੀ। ਪਾਕਿਸਤਾਨ ਨੇ ਵਿਸ਼ਵ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਭਾਰਤ ਨੂੰ ਹਥਿਆਰ ਜਮ੍ਹਾ ਕਰਨ ਤੋਂ ਰੋਕਣ। ਇਹ ਦੱਖਣੀ ਏਸ਼ੀਆ ‘ਚ ਹਥਿਆਰਾਂ ਦੀ ਦੌੜ ਨੂੰ ਸ਼ੁਰੂ ਕਰ ਸਕਦਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਆਪਣੇ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਅਤੇ ਗੁਣਾਂ ਦੋਹਾਂ ਨੂੰ ਵਧਾ ਰਿਹਾ ਹੈ। ਭਾਰਤ ਹੁਣ ਦੂਜਾ ਸਭ ਤੋਂ ਵੱਡਾ ਹਥਿਆਰ ਦਰਾਮਦ ਕਰਨ ਵਾਲਾ ਦੇਸ਼ ਬਣ ਗਿਆ ਹੈ।