China rocket debris disintegrates: ਬੀਜਿੰਗ: ਚੀਨ ਦਾ ਬੇਕਾਬੂ 5B ਰਾਕੇਟ ਹੁਣ ਖ਼ਤਰੇ ਦਾ ਕਾਰਨ ਨਹੀਂ ਬਣੇਗਾ। ਚੀਨ ਦੀ ਪੁਲਾੜ ਏਜੰਸੀ ਨੇ ਦੱਸਿਆ ਕਿ ਇਸ ਦਾ ਵੱਡਾ ਹਿੱਸਾ ਹਿੰਦ ਮਹਾਂਸਾਗਰ ਵਿੱਚ ਡਿੱਗ ਗਿਆ ਹੈ । ਉੱਥੇ ਹੀ ਇਸ ਰਾਕੇਟ ਦਾ ਇੱਕ ਵੱਡਾ ਹਿੱਸਾ ਵਾਯੂਮੰਡਲ ਵਿੱਚ ਦਾਖਲ ਹੁੰਦੇ ਹੀ ਖ਼ਤਮ ਹੋ ਗਿਆ ਸੀ। ਦੁਨੀਆ ਭਰ ਦੇ ਵਿਗਿਆਨੀ ਰਾਕੇਟ ਦੇ ਕਰੈਸ਼ ਲੈਂਡਿੰਗ ਬਾਰੇ ਚਿੰਤਤ ਸਨ ।
ਦਰਅਸਲ, ਚੀਨੀ ਰਾਕੇਟ ਦਾ ਇੱਕ ਬੇਕਾਬੂ ਵੱਡਾ ਹਿੱਸਾ ਖਤਰੇ ਦੇ ਤੌਰ ‘ਤੇ ਦੇਖਿਆ ਜਾ ਰਿਹਾ ਸੀ। ਇਸਦੇ 9 ਮਈ ਨੂੰ ਧਰਤੀ ‘ਤੇ ਡਿੱਗਣ ਦਾ ਡਰ ਸੀ, ਪਰ ਇਸ ਦੀ ਲੈਂਡਿੰਗ ਨੂੰ ਲੈ ਕੇ ਕੋਈ ਸਹੀ ਜਾਣਕਾਰੀ ਨਹੀਂ ਮਿਲ ਸਕੀ ਸੀ । ਨਾਸਾ ਸਮੇਤ ਦੁਨੀਆ ਭਰ ਦੀਆਂ ਪੁਲਾੜ ਏਜੰਸੀਆਂ ਨੇ ਇਸ ‘ਤੇ ਆਪਣੀ ਨਜ਼ਰ ਟਿਕਾਈ ਹੋਈ ਸੀ । ਲਾਂਗ ਮਾਰਚ 5B ਰਾਕੇਟ ਦੇ ਮੁੱਖ ਪੜਾਅ ਦਾ ਭਾਰ 21 ਟਨ ਸੀ। ਜੇ ਰਾਕੇਟ ਦਾ ਇਹ ਹਿੱਸਾ ਕਿਸੇ ਆਬਾਦੀ ਵਾਲੇ ਖੇਤਰ ਵਿੱਚ ਡਿੱਗਦਾ ਤਾਂ ਇਸ ਨਾਲ ਬਹੁਤ ਨੁਕਸਾਨ ਹੋ ਸਕਦਾ ਸੀ।
ਇਸ ਬਾਰੇ ਬੀਜਿੰਗ ਦੇ ਅਧਿਕਾਰੀਆਂ ਨੇ ਕਿਹਾ ਕਿ ਲਾਂਗ ਮਾਰਚ -5 ਬੀ ਰਾਕੇਟ ਦੇ ਫ੍ਰੀਫਾਲ ਹਿੱਸੇ ਤੋਂ ਘੱਟ ਜੋਖਿਮ ਸੀ। ਦੱਸ ਦੇਈਏ ਕਿ 29 ਅਪ੍ਰੈਲ ਨੂੰ ਚੀਨ ਦੇ ਨਵੇਂ ਪੁਲਾੜ ਸਟੇਸ਼ਨ ਦੇ ਪਹਿਲੇ ਮੈਡਿਊਲ ਨੂੰ ਧਰਤੀ ਦੇ ਚੱਕਰ ਵਿੱਚ ਲਾਂਚ ਕੀਤਾ ਗਿਆ ਸੀ। ਚੀਨੀ ਏਜੰਸੀ ਨੇ ਦੱਸਿਆ ਕਿ ਰਾਕੇਟ ਦਾ ਜ਼ਿਆਦਾਤਰ ਹਿੱਸਾ ਵਾਯੂਮੰਡਲ ਵਿੱਚ ਦਾਖਲ ਹੁੰਦੇ ਹੀ ਤਬਾਹ ਹੋ ਗਿਆ ਸੀ।
ਦੱਸ ਦੇਈਏ ਕਿ ਅਮਰੀਕੀ ਫੌਜੀ ਡਾਟਾ ‘ਤੇ ਅਧਾਰਿਤ ਨਿਗਰਾਨੀ ਸੇਵਾ ਸਪੇਸ-ਟਰੈਕ ਨੇ ਵੀ ਚੀਨੀ ਰਾਕੇਟ ਦੇ ਮਲਬੇ ਦੀ ਪੁਸ਼ਟੀ ਕੀਤੀ। ਇਸ ਸਬੰਧੀ ਸਪੇਸ ਟ੍ਰੈਕ ਵੱਲੋਂ ਵੀ ਇੱਕ ਟਵੀਟ ਕੀਤਾ ਗਿਆ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਜਿਹੜੇ ਲੋਕ #LongMarch5B ਦੀ ਰੀ-ਐਂਟਰੀ ਨੂੰ ਫੋਲੋ ਕਰ ਰਹੇ ਸਨ ਉਹ ਹੁਣ ਚੈਨ ਦਾ ਸਾਹ ਲੈ ਸਕਦੇ ਹਨ।