Chinese city sounds alert: ਬੀਜਿੰਗ: ਕੋਰੋਨਾ ਵਾਇਰਸ ਨਾਲ ਜੂਝ ਰਹੀ ਦੁਨੀਆ ਲਈ ਇੱਕ ਹੋਰ ਬੁਰੀ ਖ਼ਬਰ ਹੈ। ਹੁਣ ਇੱਕ ਵਾਰ ਫਿਰ ਚੀਨ ਤੋਂ ਇੱਕ ਖ਼ਤਰਨਾਕ ਅਤੇ ਜਾਨਲੇਵਾ ਬਿਮਾਰੀ ਫੈਲਣ ਦਾ ਖ਼ਤਰਾ ਹੈ। ਇਸ ਬਿਮਾਰੀ ਦਾ ਨਾਮ ਹੈ ਬਿਊਬਾਨਿਕ ਪਲੇਗ। ਦਰਅਸਲ, ਉੱਤਰੀ ਚੀਨ ਦੇ ਇੱਕ ਸ਼ਹਿਰ ਵਿੱਚ ਬਿਊਬਾਨਿਕ ਪਲੇਗ ਦਾ ਇੱਕ ਸ਼ੱਕੀ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਲਰਟ ਜਾਰੀ ਕੀਤਾ ਗਿਆ ਹੈ । ਚੀਨ ਦੇ ਅੰਦਰੂਨੀ ਮੰਗੋਲੀਆਈ ਖੁਦਮੁਖਤਿਆਰੀ ਖੇਤਰ, ਬਯਨੁਰ ਵਿੱਚ ਪਲੇਗ ਦੀ ਰੋਕਥਾਮ ਤੇ ਕੰਟਰੋਲ ਲਈ ਤੀਜੇ ਪੱਧਰ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ।
ਬਿਊਬਾਨਿਕ ਪਲੇਗ ਦਾ ਇਹ ਸ਼ੱਕੀ ਮਾਮਲਾ ਬਯਨੁਰ ਦੇ ਇੱਕ ਹਸਪਤਾਲ ਵਿੱਚ ਸ਼ਨੀਵਾਰ ਨੂੰ ਸਾਹਮਣੇ ਆਇਆ । ਸਥਾਨਕ ਸਿਹਤ ਅਧਿਕਾਰੀਆਂ ਨੇ ਇਹ ਚੇਤਾਵਨੀ 2020 ਦੇ ਅਖੀਰ ਤੱਕ ਜਾਰੀ ਕੀਤੀ ਹੈ । ਵਿਭਾਗ ਨੇ ਕਿਹਾ ਕਿ ਇਸ ਸਮੇਂ ਸ਼ਹਿਰ ਵਿੱਚ ਮਨੁੱਖੀ ਪਲੇਗ ਮਹਾਂਮਾਰੀ ਫੈਲਣ ਦਾ ਖਤਰਾ ਹੈ । ਜਿਸ ਕਾਰਨ ਲੋਕਾਂ ਨੂੰ ਆਤਮਰੱਖਿਆ ਦੇ ਲਈ ਜਾਗਰੂਕਤਾ ਤੇ ਸਮਰਥਾ ਵਧਾਉਣੀ ਚਾਹੀਦੀ ਹੈ । ਸਰਕਾਰੀ ਸ਼ਿਨਹੂਆ ਨਿਊਜ਼ ਏਜੰਸੀ ਨੇ ਇਕ ਜੁਲਾਈ ਨੂੰ ਕਿਹਾ ਸੀ ਕਿ ਪੱਛਮੀ ਮੰਗੋਲੀਆ ਦੇ ਖੋਡ ਸੂਬੇ ਵਿਚ ਬਿਊਬਾਨਿਕ ਪਲੇਗ ਦੇ ਦੋ ਸ਼ੱਕੀ ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਦੀ ਪ੍ਰਯੋਗਸ਼ਾਲਾ ਜਾਂਚ ਵਿੱਚ ਪੁਸ਼ਟੀ ਹੋ ਗਈ ਹੈ।
ਦੱਸ ਦੇਈਏ ਕਿ ਇਹ ਬਿਮਾਰੀ ਜੰਗਲੀ ਚੂਹੇ ਵਿੱਚ ਪਾਏ ਜਾਣ ਵਾਲੇ ਬੈਕਟਰੀਆ ਕਾਰਨ ਹੁੰਦੀ ਹੈ। ਇਸ ਬੈਕਟੀਰੀਆ ਦਾ ਨਾਮ ਯਰਸੀਨੀਆ ਪੈਸਟਿਸ ਬੈਕਟੀਰੀਆ ਹੈ। ਇਹ ਬੈਕਟੀਰੀਆ ਸਰੀਰ ਦੇ ਲਿੰਫ ਨੋਡਸ, ਖੂਨ ਅਤੇ ਫੇਫੜਿਆਂ ‘ਤੇ ਹਮਲਾ ਕਰਦੇ ਹਨ। ਇਸ ਨਾਲ ਉਂਗਲਾਂ ਕਾਲੀਆਂ ਹੋ ਜਾਂਦੀਆਂ ਹਨ ਅਤੇ ਸੜਨ ਲੱਗ ਜਾਂਦੀਆਂ ਹਨ। ਨੱਕ ਦੇ ਨਾਲ ਵੀ ਅਜਿਹਾ ਹੀ ਹੁੰਦਾ ਹੈ।
ਚੀਨੀ ਸਰਕਾਰ ਨੇ ਬਯਨੁਰ ਸ਼ਹਿਰ ਵਿੱਚ ਮਨੁੱਖੀ ਪਲੇਗ ਦੇ ਫੈਲਣ ਦੇ ਖਤਰੇ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਬਿਊਬਾਨਿਕ ਪਲੇਗ ਨੂੰ ਗਿਲਟੀਵਾਲਾ ਪਲੇਗ ਵੀ ਕਿਹਾ ਜਾਂਦਾ ਹੈ। ਸਰੀਰ ਵਿਚ ਅਸਹਿ ਦਰਦ ਤੇ ਤੇਜ਼ ਬੁਖਾਰ ਹੁੰਦਾ ਹੈ। ਨਬਜ਼ ਤੇਜ਼ੀ ਨਾਲ ਚੱਲਣ ਲੱਗਦੀ ਹੈ। ਦੋ ਤਿੰਨ ਦਿਨਾਂ ਵਿੱਚ ਗਿਲਟੀਆਂ ਨਿਕਲਣ ਲੱਗਦੀਆਂ ਹਨ। ਜਿਸ ਤੋਂ ਬਾਅਦ ਸਰੀਰ ਵਿੱਚ ਅੰਤਹੀਨ ਦਰਦ ਹੁੰਦਾ ਹੈ। ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿੱਚ ਬਿਊਬਾਨਿਕ ਪਲੇਗ ਦੇ ਤਕਰੀਬਨ 3248 ਮਾਮਲੇ ਸਾਹਮਣੇ ਆਏ ਹਨ । ਜਿਸ ਵਿਚੋਂ 584 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਨ੍ਹਾਂ ਸਾਲਾਂ ਵਿੱਚ, ਜ਼ਿਆਦਾਤਰ ਕੇਸ ਡੈਮੋਕਰੇਟਿਕ ਰੀਪਬਲਿਕ ਆਫ ਕਾਂਨਗੋ, ਮੈਡਾਗਾਸਕਰ, ਪੇਰੂ ਵਿੱਚ ਆਏ ਸਨ।