Coronavirus spread through air: ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਹਵਾ ਨਾਲ ਵੀ ਫੈਲਦਾ ਹੈ । ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਸੀ ਕਿ ਕੋਰੋਨਾ ਹਵਾ ਨਾਲ ਲੋਕਾਂ ਵਿੱਚ ਨਹੀਂ ਫੈਲਦਾ। 32 ਦੇਸ਼ਾਂ ਦੇ 239 ਵਿਗਿਆਨੀਆਂ ਨੇ ਆਪਣੀ ਖੋਜ ਵਿੱਚ ਪਾਇਆ ਹੈ ਕਿ ਇਹ ਜਾਨਲੇਵਾ ਵਾਇਰਸ ਹਵਾ ਰਾਹੀਂ ਲੋਕਾਂ ਵਿੱਚ ਵੀ ਫੈਲਦਾ ਹੈ। ਵਿਗਿਆਨੀਆਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਛੋਟੇ-ਛੋਟੇ ਕਣ ਵੀ ਹਵਾ ਵਿੱਚ ਜਿਉਂਦੇ ਰਹਿੰਦੇ ਹਨ ਅਤੇ ਉਹ ਲੋਕਾਂ ਨੂੰ ਸੰਕਰਮਿਤ ਵੀ ਕਰ ਸਕਦੇ ਹਨ ।
ਦੱਸ ਦੇਈਏ ਕਿ WHO ਨੇ ਇਸ ਵਾਇਰਸ ਦੇ ਫੈਲਣ ਦੇ ਤਰੀਕਿਆਂ ਬਾਰੇ ਸਪੱਸ਼ਟ ਕਰਦੇ ਹੋਏ ਕਿਹਾ ਸੀ ਕਿ ਇਸ ਵਾਇਰਸ ਦਾ ਸੰਕਰਮਣ ਹਵਾ ਰਾਹੀਂ ਨਹੀਂ ਫੈਲਦਾ । WHO ਨੇ ਫਿਰ ਸਪੱਸ਼ਟ ਕੀਤਾ ਸੀ ਕਿ ਇਹ ਖਤਰਨਾਕ ਵਾਇਰਸ ਸਿਰਫ ਥੁੱਕਣ ਵਾਲੇ ਕਣਾਂ ਰਾਹੀਂ ਹੀ ਫੈਲਦਾ ਹੈ। ਇਹ ਕਣ ਬਲਗਮ, ਛਿੱਕਣ ਅਤੇ ਬੋਲਣ ਕਾਰਨ ਸਰੀਰ ਵਿਚੋਂ ਬਾਹਰ ਆਉਂਦੇ ਹਨ। ਥੁੱਕਣ ਵਾਲੇ ਕਣ ਇੰਨੇ ਹਲਕੇ ਨਹੀਂ ਹੁੰਦੇ ਜੋ ਹਵਾ ਨਾਲ ਇੱਥੋਂ ਦੀ ਉੱਡ ਸਕਣ।
ਇੱਕ ਰਿਪੋਰਟ ਅਨੁਸਾਰ ਵਿਗਿਆਨੀਆਂ ਨੇ WHO ਨੂੰ ਅਪੀਲ ਕੀਤੀ ਹੈ ਕਿ ਇਸ ਵਾਇਰਸ ਦੀ ਸਿਫ਼ਾਰਸ਼ ਵਿੱਚ ਤੁਰੰਤ ਸੋਧ ਕਰਨ ਲਈ ਕਿਹਾ ਹੈ। ਦੱਸ ਦੇਈਏ ਕਿ ਦੁਨੀਆ ਭਰ ਵਿੱਚ ਕੋਰੋਨਾ ਕਾਰਨ ਇੱਕ ਕਰੋੜ 15 ਲੱਖ ਤੋਂ ਵੱਧ ਲੋਕ ਸੰਕਰਮਿਤ ਹਨ। ਜਦੋਂ ਕਿ ਪੰਜ ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ । 32 ਦੇਸ਼ਾਂ ਦੇ ਇਨ੍ਹਾਂ 239 ਵਿਗਿਆਨੀਆਂ ਨੇ ਵਿਸ਼ਵ ਸਿਹਤ ਸੰਗਠਨ ਨੂੰ ਇੱਕ ਖੁੱਲਾ ਪੱਤਰ ਲਿਖਿਆ ਹੈ । ਇਨ੍ਹਾਂ ਸਾਰੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਇਸ ਗੱਲ ਦੇ ਕਾਫ਼ੀ ਸਬੂਤ ਹਨ ਜਿਸ ਨਾਲ ਇਹ ਮਾਣਿਆ ਜਾਵੇ ਕਿ ਇਸ ਵਾਇਰਸ ਦੇ ਛੋਟੇ-ਛੋਟੇ ਕਣ ਹਵਾ ਵਿੱਚ ਤੈਰਦੇ ਹਨ, ਜੋ ਲੋਕਾਂ ਨੂੰ ਸੰਕਰਮਿਤ ਕਰ ਸਕਦੇ ਹਨ । ਇਹ ਪੱਤਰ ਅਗਲੇ ਹਫ਼ਤੇ ਵਿਗਿਆਨਕ ਜਰਨਲ ਵਿੱਚ ਪ੍ਰਕਾਸ਼ਤ ਕੀਤਾ ਜਾਵੇਗਾ।
ਇਸ ਦੇ ਨਾਲ ਹੀ WHO ਵਿੱਚ ਕੋਰੋਨਾ ਤਕਨੀਕੀ ਟੀਮ ਦੇ ਮੁਖੀ ਡਾ. ਬੈਂਡੇਟਾ ਅਲੈਗਰੈਂਜ਼ੀ ਨੇ ਦੱਸਿਆ ਕਿ ਅਸੀਂ ਇਹ ਕਈ ਵਾਰ ਕਹਿ ਚੁੱਕੇ ਹਾਂ ਕਿ ਇਹ ਵਾਇਰਸ ਏਅਰਬੋਰਨ ਵੀ ਹੋ ਸਕਦਾ ਹੈ, ਪਰ ਅਜੇ ਤੱਕ ਅਜਿਹਾ ਦਾਅਵਾ ਕਰਨ ਦਾ ਕੋਈ ਠੋਸ ਅਤੇ ਸਪੱਸ਼ਟ ਪ੍ਰਮਾਣ ਨਹੀਂ ਮਿਲਿਆ ਹੈ।