Covid 19 travel ban ends: ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ । ਇਸੇ ਦੌਰਾਨ ਬਹੁਤ ਸਾਰੇ ਦੇਸ਼ਾਂ ਵੱਲੋਂ ਭਾਰਤ ਤੋਂ ਆਉਣ ਵਾਲੇ ਯਾਤਰੀਆਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ । ਇਸੇ ਵਿਚਾਲੇ ਆਸਟ੍ਰੇਲੀਆ ਵੱਲੋਂ ਭਾਰਤ ਵਿੱਚ ਫਸੇ ਆਪਣੇ ਨਾਗਰਿਕਾਂ ਲਈ ਰਾਹਤ ਦਾ ਐਲਾਨ ਕੀਤਾ ਹੈ।
ਦਰਅਸਲ, ਭਾਰਤ ਤੋਂ 70 ਤੋਂ ਵੱਧ ਆਸਟ੍ਰੇਲੀਆਈ ਨਾਗਰਿਕਾਂ ਨੂੰ ਭਾਰਤ ਤੋਂ ਲੈ ਕੇ ਇੱਕ ਜਹਾਜ਼ ਸ਼ਨੀਵਾਰ ਸਵੇਰੇ ਆਸਟ੍ਰੇਲੀਆ ਪਹੁੰਚ ਗਿਆ। ਜ਼ਿਕਰਯੋਗ ਹੈ ਕਿ ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਆਸਟ੍ਰੇਲੀਆ ਨੇ ਭਾਰਤ ਤੋਂ ਆਪਣੇ ਨਾਗਰਿਕਾਂ ਦੇ ਆਉਣ ‘ਤੇ ਪਾਬੰਦੀ ਲਗਾ ਦਿੱਤੀ ਸੀ । ਪਾਬੰਦੀ ਹਟਾਏ ਜਾਣ ਤੋਂ ਬਾਅਦ ਦਿੱਲੀ ਤੋਂ ਪਹਿਲੀ ਉਡਾਣ ਸ਼ਨੀਵਾਰ ਸਵੇਰੇ ਆਸਟ੍ਰੇਲੀਆ ਦੇ ਡਾਰਵਿਨ ਪਹੁੰਚੀ ।
ਹਾਲਾਂਕਿ, 72 ਯਾਤਰੀਆਂ ਨੂੰ ਹਵਾਈ ਜਹਾਜ਼ ਵਿੱਚ ਯਾਤਰਾ ਕਰਨ ਤੋਂ ਰੋਕ ਲਗਾ ਦਿੱਤਾ ਗਿਆ ਸੀ, ਕਿਉਂਕਿ ਉਨ੍ਹਾਂ ਵਿੱਚੋਂ 48 ਸੰਕਰਮਿਤ ਪਾਏ ਗਏ ਸਨ ਅਤੇ ਦੂਜਿਆਂ ਦੇ ਸੰਕਰਮਿਤ ਵਿਅਕਤੀਆਂ ਦੇ ਸੰਪਰਕ ਵਿੱਚ ਰਹਿਣ ਦਾ ਡਰ ਸੀ। ਸਿਹਤ ਦੇ ਬੁਲਾਰੇ ਨੇ ਦੱਸਿਆ ਕਿ ਸ਼ੁਰੂਆਤ ਵਿੱਚ 150 ਯਾਤਰੀਆਂ ਦੇ ਸਫ਼ਰ ਕਰਨ ਦੀ ਯੋਜਨਾ ਬਣਾਈ ਗਈ ਸੀ, ਪਰ ਜਹਾਜ਼ ਵਿੱਚ ਸਿਰਫ ਅੱਧੇ ਯਾਤਰੀ ਹੀ ਸਵਾਰ ਹੋ ਸਕੇ।
ਮੌਜੂਦਾ ਪ੍ਰਣਾਲੀ ਦੇ ਤਹਿਤ ਕੋਵਿਡ ਟੈਸਟ ਵਿੱਚ ਪਾਜ਼ੀਟਿਵ ਪਾਏ ਜਾਣ ‘ਤੇ ਜਾਂ ਪੀੜਤਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਫਿਲਹਾਲ ਭਾਰਤ ਵਿੱਚ ਰਹਿਣਾ ਪਵੇਗਾ ਜਦੋਂ ਤੱਕ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਨਹੀਂ ਆ ਜਾਂਦੀ ਹੈ । ਨਾਲ ਹੀ, ਭਾਰਤ ਤੋਂ ਆਸਟ੍ਰੇਲੀਆ ਜਾਣ ਵਾਲੇ ਨਾਗਰਿਕਾਂ ਨੂੰ ਕੁਆਰੰਟੀਨ ਵਿੱਚ ਰਹਿਣਾ ਪਵੇਗਾ।