ਦੁਨੀਆ ਭਰ ਵਿੱਚ ਹਾਲੇ ਬੱਚਿਆਂ ਨੂੰ ਲੱਗਣ ਵਾਲੀ ਕੋਰੋਨਾ ਵੈਕਸੀਨ ‘ਤੇ ਰਿਸਰਚ ਜਾਰੀ ਹੈ। ਅਮਰੀਕਾ ਤੋਂ ਲੈ ਕੇ ਭਾਰਤ ਤੱਕ ਇਸਦੇ ਟ੍ਰਾਇਲ ਕੀਤੇ ਜਾ ਰਹੇ ਹਨ। ਪਰ ਇਸੇ ਵਿਚਾਲੇ ਕਿਊਬਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ, ਜਿੱਥੇ ਦੋ ਸਾਲ ਤੋਂ ਉੱਪਰ ਦੇ ਬੱਚਿਆਂ ਨੂੰ ਵੈਕਸੀਨ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ।
ਹਾਲਾਂਕਿ ਇਸ ਕਮਿਊਨਿਸਟ ਦੇਸ਼ ਵਿੱਚ ਬੱਚਿਆਂ ਨੂੰ ਲੱਗਣ ਵਾਲੀ ਇਸ ਵੈਕਸੀਨ ਨੂੰ WHO ਵੱਲੋਂ ਮਨਜ਼ੂਰੀ ਨਹੀਂ ਮਿਲੀ ਹੈ। ਦਰਅਸਲ, ਲਗਭਗ 1.12 ਕਰੋੜ ਦੀ ਅਬਾਦੀ ਵਾਲੇ ਇਸ ਦੇਸ਼ ਵਿੱਚ ਸਰਕਾਰ ਸਕੂਲ ਖੋਲ੍ਹਣ ਤੋਂ ਪਹਿਲਾਂ ਹੀ ਸਾਰੇ ਬੱਚਿਆਂ ਨੂੰ ਵੈਕਸੀਨੇਟ ਕਰਵਾਉਣਾ ਚਾਹੁੰਦੀ ਹੈ।
ਕਿਊਬਾ ਵਿੱਚ ਜ਼ਿਆਦਤਰ ਥਾਵਾਂ ‘ਤੇ ਇੰਟਰਨੈੱਟ ਦੀ ਗੈਰ-ਮੌਜੂਦਗੀ ਕਾਰਨ ਬੱਚਿਆਂ ਨੂੰ ਟੈਲੀਵਿਜ਼ਨ ਪ੍ਰੋਗਰਾਮਾਂ ਰਾਹੀਂ ਪੜ੍ਹਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਅਜਿਹੇ ਵਿੱਚ ਸਰਕਾਰ ਜਲਦ ਤੋਂ ਜਲਦ ਬੱਚਿਆਂ ਦਾ ਟੀਕਾਕਰਨ ਪੂਰਾ ਕਰਨਾ ਚਾਹੁੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕਿਊਬਾ ਵੱਲੋਂ ਅਬਦਾਲਾ ਤੇ ਸੋਬੇਰਾਨਾ ਨਾਮ ਦੀਆਂ ਦੋ ਵੈਕਸੀਨ ਨੂੰ ਬੱਚਿਆਂ ਲਈ ਮਨਜ਼ੂਰੀ ਦਿੱਤੀ ਗਈ ਹੈ।
ਕਿਊਬਾ ਵੱਲੋਂ ਇਹ ਟੀਕਾਕਰਨ ਪ੍ਰੋਗਰਾਮ ਸ਼ੁੱਕਰਵਾਰ ਤੋਂ ਸ਼ੁਰੂ ਕੀਤਾ ਗਿਆ ਹੈ। ਇਸ ਵਿੱਚ ਸਭ ਤੋਂ ਪਹਿਲਾਂ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਵੈਕਸੀਨ ਦਿੱਤੀ ਗਈ । ਇਸ ਤੋਂ ਬਾਅਦ ਸੋਮਵਾਰ ਤੋਂ 2-11 ਸਾਲ ਦੇ ਬੱਚਿਆਂ ਦਾ ਵੀ ਟੀਕਾਕਰਨ ਸ਼ੁਰੂ ਕੀਤਾ ਗਿਆ।
ਇਹ ਵੀ ਪੜ੍ਹੋ: ਕਰਨਾਲ ਮਹਾਪੰਚਾਇਤ : ਕਿਸਾਨਾਂ ਅੱਗੇ ਝੁਕੀ ਸਰਕਾਰ, ਮੀਟਿੰਗ ਲਈ ਸੱਦੇ ਕਿਸਾਨ ਆਗੂ
ਗੌਰਤਲਬ ਹੈ ਕਿ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿੱਚ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ । ਚੀਨ, ਯੂ.ਏ.ਈ., ਵੈਨੇਜ਼ੁਏਲਾ ਵੱਲੋਂ ਵੀ ਛੋਟੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਾਉਣ ਦਾ ਐਲਾਨ ਕੀਤਾ ਗਿਆ ਹੈ, ਪਰ ਕਿਊਬਾ ਨੇ ਉਨ੍ਹਾਂ ਤੋਂ ਪਹਿਲਾਂ ਅਜਿਹਾ ਕਰ ਕੇ ਦਿਖਾ ਦਿੱਤਾ ਹੈ।