ਰੂਸ ਤੇ ਯੂਕਰੇਨ ਵਿਚਾਲੇ ਹਾਲੇ ਵੀ ਭਿਆਨਕ ਯੁੱਧ ਜਾਰੀ ਹੈ। ਰੂਸ ਵੱਲੋਂ ਯੂਕਰੇਨ ‘ਤੇ ਕੀਤੇ ਹਮਲੇ ਕਾਰਨ ਹਰ ਪਾਸੇ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ। ਰੂਸ ਵੱਲੋਂ ਐਤਵਾਰ ਤੜਕੇ ਯੂਕਰੇਨ ਦੇ ਲੁਹਾਨਸਕ ਵਿੱਚ ਇੱਕ ਸਕੂਲ ‘ਤੇ ਹਵਾਈ ਹਮਲੇ ਕੀਤੇ ਗਏ । ਜਿਸ ਵਿੱਚ 60 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸੇ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਂਸਕੀ ਨੇ ਕਿਹਾ ਕਿ ਯੂਰਪ ਵਿੱਚ ‘ਬੁਰਾਈ’ ਵਾਪਸ ਆ ਗਈ ਹੈ। ਦੂਜੇ ਵਿਸ਼ਵ ਯੁੱਧ ਬਾਰੇ ਗੱਲ ਕਰਦਿਆਂ ਇੱਕ ਸੰਬੋਧਨ ਵਿੱਚ ਜ਼ੇਲੇਂਸਕੀ ਨੇ ਰੂਸੀ ਹਮਲੇ ਦੀ ਤੁਲਨਾ ਨਾਜ਼ੀ ਜਰਮਨੀ ਨਾਲ ਕੀਤੀ । ਜ਼ੇਲੇਂਸਕੀ ਨੇ ਇੱਕ ਵੀਡੀਓ ਸੰਬੋਧਨ ਵਿੱਚ ਕਿਹਾ ਕਿ ਦੂਜੇ ਵਿਸ਼ਵ ਯੁੱਧ ਦੇ ਦਹਾਕਿਆਂ ਬਾਅਦ ਯੂਕਰੇਨ ਵਿੱਚ ਹਨੇਰਾ ਵਾਪਸ ਆ ਗਿਆ ਹੈ । ਇਹ ਦੁਬਾਰਾ ਬਲੈਕ ਐਂਡ ਵ੍ਹਾਈਟ ਹੋ ਗਿਆ ਹੈ।
ਰਾਸ਼ਟਰਪਤੀ ਜ਼ੇਲੇਂਸਕੀ ਨੇ ਦੂਜੇ ਵਿਸ਼ਵ ਯੁੱਧ ਦੇ ਆਰਕਾਈਵ ਫੁਟੇਜ ਅਤੇ ਰੂਸ ਦੇ ਹਮਲੇ ਦੇ ਬਲੈਕ ਐਂਡ ਵ੍ਹਾਈਟ ਫੁਟੇਜ ਨੂੰ ਦਿਖਾਉਂਦੇ ਹੋਏ ਵੀਡੀਓ ਵਿੱਚ ਕਿਹਾ ਕਿ ਬਦਕਿਸਮਤੀ ਨਾਲ ਇੱਕ ਵੱਖਰੀ ਵਰਦੀ ਵਿੱਚ, ਵੱਖੋ-ਵੱਖਰੇ ਨਾਅਰਿਆਂ ਦੇ ਤਹਿਤ, ਪਰ ਇੱਕ ਹੀ ਉਦੇਸ਼ ਲਈ ਹਨੇਰਾ ਵਾਪਸ ਆ ਗਿਆ ਹੈ। ਯੂਕਰੇਨੀ ਨੇਤਾ ਨੇ ਰੂਸ ‘ਤੇ ਆਪਣੇ ਦੇਸ਼ ਵਿੱਚ “ਨਾਜ਼ੀਵਾਦ ਦੇ ਖੂਨੀ ਪੁਨਰ ਨਿਰਮਾਣ” ਨੂੰ ਲਾਗੂ ਕਰਨ ਦਾ ਦੋਸ਼ ਲਗਾਇਆ । ਉਨ੍ਹਾਂ ਕਿਹਾ ਕਿ ਮਾਸਕੋ ਦੀ ਫੌਜ ਨਾਜ਼ੀ “ਅੱਤਿਆਚਾਰਾਂ” ਦੀ ਨਕਲ ਕਰ ਰਹੀ ਹੈ। ਜ਼ੇਲੇਂਸਕੀ ਨੇ ਯੂਨਾਈਟਿਡ ਕਿੰਗਡਮ, ਫਰਾਂਸ ਅਤੇ ਨੀਦਰਲੈਂਡ ਸਮੇਤ ਯੂਰਪੀਅਨ ਦੇਸ਼ਾਂ ਨੂੰ ਅਪੀਲ ਕੀਤੀ ਕਿ ਆਪਣੇ ਸ਼ਹਿਰਾਂ ਵਿੱਚ ਹੋਏ ਨਾਜ਼ੀ ਬੰਬ ਧਮਾਕਿਆਂ ਦੀ ਤੁਲਨਾ ਯੂਕਰੇਨ ਦੇ ਸ਼ਹਿਰੀ ਕੇਂਦਰਾਂ ‘ਤੇ ਰੂਸੀ ਹਮਲਿਆਂ ਨਾਲ ਕਰਨ।
ਇਹ ਵੀ ਪੜ੍ਹੋ: ਨਾਗਪੁਰ ‘ਚ CM ਮਾਨ ਦਾ ਐਲਾਨ- ‘ਪੰਜਾਬ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਹਰ ਕਦਮ ਚੁੱਕਾਂਗੇ’
ਦੱਸ ਦੇਈਏ ਕਿ ਫਰਵਰੀ ਦੇ ਅੰਤ ਵਿੱਚ ਰੂਸ ਨੇ ਸਾਬਕਾ ਸੋਵੀਅਤ ਦਾ ਹਿੱਸਾ ਰਹੇ ਯੂਕਰੇਨ ‘ਤੇ ਹਮਲਾ ਕੀਤਾ, ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਭਿਆਨਕ ਜੰਗ ਸ਼ੁਰੂ ਹੋ ਗਈ ਸੀ। ਮਾਸਕੋ ਨੇ ਦਾਅਵਾ ਕੀਤਾ ਸੀ ਕਿ ਉਸਦਾ ਆਪ੍ਰੇਸ਼ਨ ਦੇਸ਼ ਨੂੰ “ਡੀ-ਨਾਜ਼ੀਫਾਈ” ਕਰਨ ਲਈ ਕੀਤਾ ਗਿਆ ਹੈ । ਯੂਕਰੇਨ ਅਤੇ ਰੂਸ ਦੋਵਾਂ ਨੇ ਦੂਜੇ ਪੱਖ ਦੀ ਫੌਜ ਦੀਆਂ ਕਾਰਵਾਈਆਂ ਦੀ ਤੁਲਨਾ ਨਾਜ਼ੀ ਜਰਮਨੀ ਨਾਲ ਕੀਤੀ ਹੈ, ਜਿਸਦੀ 1945 ਵਿੱਚ ਸੋਵੀਅਤ ਵੱਲੋਂ ਹਾਰ 9 ਮਈ ਨੂੰ ਪੂਰਵ-ਸੋਵੀਅਤ ਦੇਸ਼ਾਂ ਵਿੱਚ ਮਨਾਈ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ -: