Dassault Aviation Rafale deal says: ਆਧੁਨਿਕ ਲੜਾਕੂ ਜਹਾਜ਼ ਰਾਫੇਲ ਬਣਾਉਣ ਵਾਲੀ ਫਰਾਂਸ ਦੀ ਕੰਪਨੀ ਦਸਾਲਟ ਨੇ ਰਿਸ਼ਵਤਖੋਰੀ ਦੇ ਦੋਸ਼ਾਂ ‘ਤੇ ਸਫ਼ਾਈ ਦਿੰਦਿਆਂ ਵੀਰਵਾਰ ਨੂੰ ਕਿਹਾ ਕਿ ਭਾਰਤ ਨਾਲ 37 ਜਹਾਜ਼ਾਂ ਦੇ ਸੌਦੇ ਵਿੱਚ ਕੋਈ ਗੜਬੜੀ ਨਹੀਂ ਕੀਤੀ ਗਈ ਹੈ । ਦਸਾਲਟ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਫ੍ਰੈਂਚ ਐਂਟੀ ਕੁਰੱਪਸ਼ਨ ਏਜੰਸੀ ਸਮੇਤ ਕਈ ਏਜੰਸੀਆਂ ਦੀਆਂ ਇਸ ‘ਤੇ ਨਜ਼ਰਾਂ ਸਨ । ਪਰ ਭਾਰਤ ਨਾਲ ਹੋਏ ਇਸ ਸੌਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਉਲੰਘਣ ਨਹੀਂ ਹੋਇਆ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਫ੍ਰੈਂਚ ਵੈਬਸਾਈਟ ਵੱਲੋਂ ਦੇਸ਼ ਦੀ ਭ੍ਰਿਸ਼ਟਾਚਾਰ ਰੋਕੂ ਏਜੰਸੀ ਦੀ ਜਾਂਚ ਦਾ ਹਵਾਲਾ ਦਿੰਦੇ ਹੋਏ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ ਕਿ ‘ਦਸਾਲਟ ਐਵੀਏਸ਼ਨ’ ਨੇ ਇੱਕ ਭਾਰਤੀ ਵਿਚੋਲੇ ਨੂੰ 10 ਲੱਖ ਯੂਰੋ ਦੀ ਰਿਸ਼ਵਤ ਦਿੱਤੀ ਸੀ।
ਇਸ ਸਬੰਧੀ ਅਧਿਕਾਰੀ ਨੇ ਕਿਹਾ ਕਿ ਦਸਾਲਟ ਐਵੀਏਸ਼ਨ ਨੇ ਦੁਹਰਾਇਆ ਕਿ ਉਹ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ (ਓਈਸੀਡੀ) ਦੇ ਰਿਸ਼ਵਤਖੋਰੀ ਵਿਰੋਧੀ ਪ੍ਰਸਤਾਵ ਅਤੇ ਰਾਸ਼ਟਰੀ ਕਾਨੂੰਨਾਂ ਦਾ ਸਖਤੀ ਨਾਲ ਪਾਲਣ ਕਰਦਾ ਹੈ । ਖ਼ਾਸਕਰ 9 ਦਸੰਬਰ 2016 ਦਾ ਕਾਨੂੰਨ ਜਿਸਨੂੰ ਸਪੇਨ 2 ਵਜੋਂ ਜਾਣਿਆ ਜਾਂਦਾ ਹੈ। ਦਸਾਲਟ ਐਵੀਏਸ਼ਨ ਦੇ ਬੁਲਾਰੇ ਨੇ ਕਿਹਾ, “ਫ਼੍ਰਾਂਸੀਸੀ ਭ੍ਰਿਸ਼ਟਾਚਾਰ ਰੋਕੂ ਏਜੰਸੀ ਸਮੇਤ ਕਈ ਅਧਿਕਾਰਤ ਸੰਗਠਨਾਂ ਵੱਲੋਂ ਬਹੁਤ ਸਾਰੀ ਜਾਂਚ ਕੀਤੀ ਜਾਂਦੀ ਹੈ । 36 ਜਹਾਜ਼ਾਂ ਦੀ ਖਰੀਦ ਵਿੱਚ ਭਾਰਤ ਨਾਲ ਸਮਝੌਤੇ ਦੇ ਢਾਂਚੇ ਦੀ ਕੋਈ ਉਲੰਘਣਾ ਨਹੀਂ ਹੋਈ ਹੈ।”
ਦੱਸ ਦੇਈਏ ਕਿ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੇ 23 ਸਤੰਬਰ, 2016 ਨੂੰ ਫ੍ਰੈਂਚ ਏਰੋਸਪੇਸ ਕੰਪਨੀ ਦਸਾਲਟ ਐਵੀਏਸ਼ਨ ਤੋਂ 36 ਰਾਫੇਲ ਜੈੱਟ ਖਰੀਦਣ ਲਈ 59,000 ਕਰੋੜ ਰੁਪਏ ਦੇ ਸੌਦੇ ‘ਤੇ ਦਸਤਖਤ ਕੀਤੇ ਸਨ। ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਕਾਂਗਰਸ ਨੇ ਇਸ ਸੌਦੇ ਨੂੰ ਲੈ ਕੇ ਜਹਾਜ਼ਾਂ ਦੇ ਰੇਟਾਂ ਅਤੇ ਕਥਿਤ ਭ੍ਰਿਸ਼ਟਾਚਾਰ ਸਮੇਤ ਕਈ ਸਵਾਲ ਖੜੇ ਕੀਤੇ ਸਨ, ਪਰ ਸਰਕਾਰ ਨੇ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ।